ਅਕਾਲੀ ਸਰਕਾਰ ਬਣਦਿਆਂ ਸਾਰ ਸਾਰੇ ਬੰਨ੍ਹ ਪੱਕੇ ਕਰਾਂਗੇ: ਸੁਖਬੀਰ ਬਾਦਲ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ। ਇਸ ਮੌਕੇ ਸ੍ਰੀ ਬਾਦਲ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਇੱਕ ਸਾਲ ਦੇ ਅੰਦਰ ਅੰਦਰ ਪੱਕੇ ਬੰਨ੍ਹ ਬਣਾਏ ਜਾਣਗੇ। ਉਨ੍ਹਾਂ ਆਹਲੀ ਕਲਾਂ ਦਾ ਬੰਨ੍ਹ ਬੰਨ੍ਹਣ ਲਈ ਦੋ ਲੱਖ ਰੁਪਏ ਵੀ ਦਿੱਤੇ। ਇਸ ਮੌਕੇ ਰਣਜੀਤ ਸਿੰਘ ਖੁਰਾਣਾ ਨੇ ਕਿਹਾ ਕਿ ਪੰਜਾਬ ’ਚ ਹੜ੍ਹ ਆਉਣ ਦਾ ਕਾਰਨ ਪੰਜਾਬ ਸਰਕਾਰ ਵੱਲੋਂ ਸਮਾਂ ਰਹਿੰਦਿਆਂ ਦਰਿਆਵਾਂ ਦੀ ਸਫ਼ਾਈ ਨਾ ਕਰਵਾਉਣਾ ਹੈ।
ਫਿਲੌਰ (ਸਰਬਜੀਤ ਗਿੱਲ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਹਲਕਾ ਫਿਲੌਰ ਅਧੀਨ ਆਉਂਦੇ ਧੁੱਸੀ ਬੰਨ੍ਹ ਛੋਅਲੇ ਬਜਾੜ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਧੁੱਸੀ ਬੰਨ੍ਹ ਨਾਲ ਲੱਗਦੇ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਮੁਸ਼ਕਲਾਂ ਸੁਣੀਆਂ। ਇਸ ਮਗਰੋਂ ਉਨ੍ਹਾਂ ਇੱਕ ਲੱਖ ਰੁਪਏ ਨਕਦ, ਇੱਟਾਂ ਅਤੇ ਪਸ਼ੂਆਂ ਦਾ ਚਾਰਾ ਦੇਣ ਦਾ ਐਲਾਨ ਕੀਤਾ। ਸ੍ਰੀ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 2027 ’ਚ ਉਨ੍ਹਾਂ ਦੀ ਸਰਕਾਰ ਆਉਣ ’ਤੇ ਧੁੱਸੀ ਬੰਨ੍ਹ ਨੂੰ ਪੱਕਾ ਕੀਤਾ ਜਾਵੇਗਾ ਤਾਂ ਜੋ ਹਰ ਸਾਲ ਹੜ੍ਹ ਆਉਣ ਨਾਲ ਬਚਾਅ ਕੀਤਾ ਜਾ ਸਕੇ। ਇਸ ਮੌਕੇ ਬਲਦੇਵ ਸਿੰਘ ਖਹਿਰਾ ਸਾਬਕਾ ਵਿਧਾਇਕ, ਹਰਜਿੰਦਰ ਸਿੰਘ ਲੱਲੀਆਂ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ, ਕੁਲਦੀਪ ਸਿੰਘ ਬਾਜਵਾ, ਮੋਹਣ ਸਿੰਘ ਕਡਿਆਣਾ, ਚੂਹੜ ਸਿੰਘ ਬੜਾਪਿੰਡ, ਇੰਦਰਜੀਤ ਸਿੰਘ ਖਹਿਰਾ ਆਦਿ ਹਾਜ਼ਰ ਸਨ।