ਜਲਦੀ ਹੀ ਨਸ਼ਿਆਂ ਤੇ ਹਿੰਸਾ ਨਾਲ ਨਜਿੱਠ ਲਵਾਂਗੇ: ਮਾਨ
ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇੱਥੇ ਕਿਹਾ ਕਿ ‘ਆਪ’ ਸਰਕਾਰ ਜਲਦੀ ਹੀ ਨਸ਼ਿਆਂ, ਹਿੰਸਾ ਅਤੇ ਅਪਰਾਧ ’ਤੇ ਕਾਬੂ ਪਾ ਲਵੇਗੀ। ਮਾਨ ਸਥਾਨਕ ਜਗੇੜਾ ਰੋਡ ਨੇੜੇ ਸਾਢੇ ਛੇ ਕਰੋੜ ਰੁਪਏ ਦੀ ਲਾਗਤ ਨਾਲ ਬਣੇ ਤਹਿਸੀਲ ਕੰਪਲੈਕਸ ਦੇ ਉਦਘਾਟਨ ਮੌਕੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਦੀ ਅਗਵਾਈ ਹੇਠ ਕਰਵਾਏ ਗਏ ਸਮਾਗਮ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਸ ਤਰ੍ਹਾਂ ਦੇ ਕੰਪਲੈਕਸ ਸੂਬੇ ਦੇ ਸਾਰੇ ਇਲਾਕਿਆਂ ਵਿੱਚ ਬਣਾਏ ਜਾਣਗੇ, ਜਿੱਥੇ ਆਮ ਲੋਕਾਂ ਨੂੰ ਲੋੜੀਂਦੀਆਂ ਸਹੂਲਤਾਂ ਦੇਣ ਨੂੰ ਤਰਜੀਹ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਇਹ ਵੀ ਯਕੀਨੀ ਬਣਾਇਆ ਜਾਵੇਗਾ ਕਿ ਦਫ਼ਤਰੀ ਕੰਮ ਕਰਵਾਉਣ ਲਈ ਆਉਣ ਵਾਲਿਆਂ ਨੂੰ ਨਾ ਤਾਂ ਕੋਈ ਰਿਸ਼ਵਤ ਦੇਣੀ ਪਵੇ ਅਤੇ ਨਾ ਹੀ ਖੱਜਲ ਹੋਣਾ ਪਵੇ। ਉਨ੍ਹਾਂ ਸਿਆਸੀ ਵਿਰੋਧੀਆਂ ਖ਼ਿਲਾਫ਼ ਬਿਆਨਬਾਜ਼ੀ ਕਰਨ ਤੋਂ ਗੁਰੇਜ਼ ਕੀਤਾ ਅਤੇ ਦਾਅਵਾ ਕੀਤਾ ਕਿ ਬਹੁਤ ਜਲਦੀ ‘ਆਪ’ ਸਰਕਾਰ ਨਸ਼ਿਆਂ, ਹਿੰਸਾ ਅਤੇ ਅਪਰਾਧ ’ਤੇ ਪੂਰੀ ਤਰ੍ਹਾਂ ਕਾਬੂ ਪਾ ਲਵੇਗੀ। ਬੀਤੇ ਸਮੇਂ ਦੌਰਾਨ ਸੂਬੇ ਵਿੱਚ ਵਧੇ ਅਪਰਾਧ ਲਈ ਸਮਾਜ ਵਿਰੋਧੀ ਤਾਕਤਾਂ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਮਾਨ ਨੇ ਕਿਹਾ ਕਿ ਪੰਜਾਬ ਪੁਲੀਸ ਦੀ ਮੁਸਤੈਦੀ ਸਦਕਾ ਬਹੁਤ ਜਲਦੀ ਇਹ ਸਮੱਸਿਆ ਵੀ ਹੱਲ ਕਰ ਲਈ ਜਾਵੇਗੀ। ਉਨ੍ਹਾਂ ਭਿਖਾਰੀਆਂ ਤੋਂ ਬੱਚੇ ਛੁਡਵਾਉਣ ਦੀ ਮੁਹਿੰਮ ਨੂੰ ਵਧੀਆ ਹੁੰਗਾਰਾ ਮਿਲਣ ਦਾ ਵੀ ਦਾਅਵਾ ਕੀਤਾ।