ਦਲਿਤਾਂ ’ਤੇ ਹੋ ਰਹੇ ਜ਼ੁਲਮ ਬਰਦਾਸ਼ਤ ਨਹੀਂ ਕਰਾਂਗੇ: ਕਰੀਮਪੁਰੀ
ਦਲਿਤਾਂ ਦੀ ਆਵਾਜ਼ ਬੁਲੰਦ ਕਰਦਿਆਂ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਦਲਿਤਾਂ ਨਾਲ ਧੱਕਾ ਕਰ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਦਲਿਤਾਂ ਦੇ ਹੱਕ ਖੋਹਣ ਲਈ ਜ਼ਮੀਨ ਅਤੇ ਰੇਤ ਮਾਫ਼ੀਆ ਸਰਕਾਰ ਦੀ ਸ਼ਹਿ ’ਤੇ ਚੱਲ ਰਹੇ ਹਨ। ਉਨ੍ਹਾਂ ਦਲਿਤਾਂ ਦੇ ਹੱਕ ਵਿੱਚ ਸੂਬਾ ਸਰਕਾਰ ਖਿਲਾਫ਼ ਵੱਡਾ ਅੰਦੋਲਨ ਸ਼ੁਰੂ ਕਰਨ ਬਾਰੇ ਵੀ ਆਖਿਆ। ਉਨ੍ਹਾਂ ਕਿਹਾ ਕਿ ਇਸ ਵੇਲੇ ਪੰਜਾਬ ਵਿੱਚ ਚਾਰ ਪਾਰਟੀਆਂ- ‘ਆਪ’, ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਸੂਬੇ ਦਾ ਨੁਕਸਾਨ ਕਰ ਰਹੀਆਂ ਹਨ। ਸ੍ਰੀ ਕਰੀਮਪੁਰੀ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਪਿੰਡ ਬਠੋਈ ਕਲਾਂ ਵਿੱਚ 15 ਅਗਸਤ ਨੂੰ ‘ਪੰਜਾਬ ਸੰਭਾਲੋ ਮੁਹਿੰਮ’ ਤਹਿਤ ਵੱਡਾ ਅੰਦੋਲਨ ਕਰੇਗੀ ਤਾਂ ਕਿ ਪਿੰਡ ਵਿੱਚ ਦਲਿਤਾਂ ’ਤੇ ਹੋ ਰਹੇ ਜ਼ੁਲਮ ’ਤੇ ਨਕੇਲ ਕੱਸੀ ਜਾ ਸਕੇ। ਉਨ੍ਹਾਂ ਕਿਹਾ ਕਿ ਬਸਪਾ ਆਮ ਵਿਅਕਤੀ ’ਤੇ ਹੋ ਰਹੇ ਜ਼ੁਲਮ ਨੂੰ ਬਰਦਾਸ਼ਤ ਨਹੀਂ ਕਰੇਗੀ। ਇਸ ਮੌਕੇ ਜਨਰਲ ਸਕੱਤਰ ਜੋਗਾ ਸਿੰਘ ਪਨੌਦੀਆਂ, ਹਰਦੀਪ ਸਿੰਘ ਚੁੰਬਰ, ਪੰਜਾਬ ਦੇ ਇੰਚਾਰਜ ਜੀਤ ਸਿੰਘ ਭੈਣੀ , ਮੀਤ ਪ੍ਰਧਾਨ ਬਲਦੇਵ ਸਿੰਘ, ਜ਼ਿਲ੍ਹਾ ਕੋ-ਆਰਡੀਨੇਟਰ ਰੂਪ ਸਿੰਘ ਬਠੋਈ, ਅੰਗਰੇਜ਼ ਸਿੰਘ ਬਹਾਦਰਗੜ੍ਹ ਤੇ ਰਾਜਪੁਰਾ ਪ੍ਰਧਾਨ ਰਾਜਿੰਦਰ ਸਿੰਘ ਚੱਪੜ ਹਾਜ਼ਰ ਸਨ।
ਡੀਸੀ ਤੇ ਐੱਸਐੱਸਪੀ ਨੂੰ ਅੰਦੋਲਨ ਬਾਰੇ ਦਿੱਤੀ ਜਾਣਕਾਰੀ
ਬਸਪਾ ਆਗੂ ਸ੍ਰੀ ਕਰੀਮਪੁਰੀ ਨੇ ਅੱਜ ਪਟਿਆਲਾ ਦੇ ਡੀਸੀ ਤੇ ਐੱਸਐੱਸਪੀ ਨਾਲ ਮੁਲਾਕਾਤ ਕਰ ਕੇ ਕਿਹਾ ਕਿ ਜੇ ਬਠੋਈ ਕਲਾਂ ਦੇ ਕਥਿਤ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਨਾ ਹੋਇਆ ਤਾਂ ਪਾਰਟੀ ਲੀਡਰਸ਼ਿਪ ਸਖ਼ਤ ਐਕਸ਼ਨ ਲਵੇਗੀ। ਉਨ੍ਹਾਂ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ‘ਪੰਜਾਬ ਸੰਭਾਲੋ ਮੁਹਿੰਮ’ ਤਹਿਤ ਉਹ ਸਾਰੇ ਪੰਜਾਬ ਵਾਸੀਆਂ ਦੇ ਘਰਾਂ ਤੱਕ ਜਾਣਗੇ ਅਤੇ ਪਿੰਡਾਂ ਵਿੱਚ ਪੈਦਾ ਹੋ ਚੁੱਕੇ ਮਾਫ਼ੀਆ ਨੂੰ ਨੱਥ ਪਾਉਣ ਲਈ ਪਾਰਟੀ ਪੰਜਾਬ ਸਰਕਾਰ ’ਤੇ ਦਬਾਅ ਬਣਾਏਗੀ।