ਸਿਆਸੀ ਰੈਲੀਆਂ ਲਈ ਬੱਸਾਂ ਨਹੀਂ ਦੇਵਾਂਗੇ: ਠੇਕਾ ਮੁਲਾਜ਼ਮ
ਪੰਜਾਬ ਰੋਡਵੇਜ਼/ਪੀ ਆਰ ਟੀ ਸੀ ਠੇਕਾ ਮੁਲਾਜ਼ਮ ਯੂਨੀਅਨ ਨੇ ਇੱਕ ਵੱਡੇ ਨੀਤੀਗਤ ਬਦਲਾਅ ਦਾ ਐਲਾਨ ਕਰਦਿਆਂ ਪੀ ਆਰ ਟੀ ਸੀ ਦੇ ਜਨਰਲ ਮੈਨੇਜਰ ਨੂੰ ਰਸਮੀ ਤੌਰ ’ਤੇ ਸੂਚਿਤ ਕੀਤਾ ਹੈ ਕਿ ਇਸ ਦੇ ਮੈਂਬਰ ਹੁਣ ਸਿਆਸੀ ਰੈਲੀਆਂ ਲਈ ਬੱਸਾਂ ਨਹੀਂ ਦੇਣਗੇ। ਠੇਕਾ ਕਰਮਚਾਰੀ ਆਪਣਾ ਕੰਮ ਸਿਰਫ਼ ਰੋਜ਼ਾਨਾ ਦੇ ਰੂਟ ਡਿਊਟੀਆਂ ਤੱਕ ਹੀ ਸੀਮਤ ਰੱਖਣਗੇ।
ਯੂਨੀਅਨ ਦਾ ਇਹ ਫ਼ੈਸਲਾ ਲਗਾਤਾਰ ਵਾਅਦੇ ਕਰਨ ਦੇ ਬਾਵਜੂਦ ਸਰਕਾਰ ਵੱਲੋਂ ਉਨ੍ਹਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਹੱਲ ਕਰਨ ਵਿੱਚ ਲਗਾਤਾਰ ਅਸਫ਼ਲ ਰਹਿਣ ਕਾਰਨ ਲਿਆ ਗਿਆ ਹੈ।
ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਕਰਮਚਾਰੀਆਂ ਨੇ ਗੰਭੀਰ ਸੁਰੱਖਿਆ ਚਿੰਤਾਵਾਂ ਦਾ ਵੀ ਹਵਾਲਾ ਦਿੱਤਾ। ਜਿਸ ਵਿੱਚ ਤਾਜ਼ਾ ਘਟਨਾ ਦਾ ਜ਼ਿਕਰ ਕੀਤਾ ਗਿਆ, ਜਦੋਂ ਇੱਕ ਸਿਆਸੀ ਰੈਲੀ ਵਿੱਚ ਗੋਲੀਬਾਰੀ ਹੋਈ ਸੀ। ਸੁਰੱਖਿਆ ਮੁੱਦਿਆਂ ਦਾ ਹਵਾਲਾ ਦਿੰਦੇ ਹੋਏ ਯੂਨੀਅਨ ਨੇ ਐਲਾਨ ਕੀਤਾ ਕਿ ਜਦੋਂ ਤੱਕ ਉਨ੍ਹਾਂ ਦੇ ਮਸਲੇ ਹੱਲ ਨਹੀਂ ਹੁੰਦੇ ਉਹ ਕਿਸੇ ਵੀ ਸਿਆਸੀ ਰੈਲੀ ਵਿੱਚ ਵਾਹਨ ਨਹੀਂ ਲੈ ਕੇ ਜਾਣਗੇ।
ਪੀ ਆਰ ਟੀ ਸੀ ਪ੍ਰਬੰਧਨ ਨੂੰ ਸੌਂਪੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਠੇਕਾ ਕਰਮਚਾਰੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦੇ ਹਨ ਅਤੇ ਸਿਆਸੀ ਰੈਲੀਆਂ ਲਈ ਬੱਸਾਂ ਦੀ ਵਰਤੋਂ ਵਿੱਚ ਸਹਿਯੋਗ ਨਹੀਂ ਕਰਨਗੇ।
ਯੂਨੀਅਨ ਦਾ ਇਹ ਫ਼ੈਸਲਾ ਪਿਛਲੇ ਹਫ਼ਤੇ ਤਰਨ ਤਾਰਨ ਵਿੱਚ ਵਾਪਰੀ ਇੱਕ ਹਿੰਸਕ ਘਟਨਾ ਤੋਂ ਬਾਅਦ ਆਇਆ ਹੈ। ਕਥਿਤ ਤੌਰ 'ਤੇ ਨੌਜਵਾਨਾਂ ਦੇ ਇੱਕ ਸਮੂਹ ਨੇ ਪੰਜਾਬ ਰੋਡਵੇਜ਼ ਦੀ ਬੱਸ 'ਤੇ ਹਮਲਾ ਕੀਤਾ ਸੀ, ਜੋ ਆਮ ਆਦਮੀ ਪਾਰਟੀ (ਆਪ) ਦੇ ਵਰਕਰਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਰੈਲੀ ਵਿੱਚ ਲੈ ਕੇ ਜਾ ਰਹੀ ਸੀ।