ਪੰਜਾਬ ਦੀਆਂ 234 ਸੁੱਕੀਆਂ ਟੇਲਾਂ ’ਤੇ ਪੁੱਜਿਆ ਪਾਣੀ
ਚਰਨਜੀਤ ਭੁੱਲਰ
ਚੰਡੀਗੜ੍ਹ, 2 ਜੁਲਾਈ
ਪੰਜਾਬ ਸਰਕਾਰ ਨੇ ਸੂਬੇ ਵਿਚਲੀਆਂ ਕੁੱਲ 234 ਟੇਲਾਂ ’ਤੇ ਨਹਿਰੀ ਪਾਣੀ ਪਹੁੰਚਾਉਣ ਦਾ ਦਾਅਵਾ ਕੀਤਾ ਹੈੈ ਜਿੱਥੇ ਕਦੀ ਵੀ ਨਹਿਰੀ ਪਾਣੀ ਨਹੀਂ ਪੁੱਜਿਆ ਸੀ। ਜਲ ਸਰੋਤ ਵਿਭਾਗ ਨੇ ਪਹਿਲੇ ਗੇੜ ’ਚ ਗ਼ਾਇਬ ਹੋਏ ਰਜਵਾਹੇ ਅਤੇ ਖਾਲ਼ੇ ਸੁਰਜੀਤ ਕੀਤੇ ਸਨ ਅਤੇ ਦੂਜੇ ਪੜਾਅ ’ਚ ਹੁਣ ਟੇਲਾਂ ’ਤੇ ਪਾਣੀ ਪੁੱਜਦਾ ਕੀਤਾ ਜਾ ਰਿਹਾ ਹੈ। ਟੇਲਾਂ ਦੇ ਨਹਿਰੀ ਪਾਣੀ ਨਾ ਪਹੁੰਚਣ ਬਾਰੇ ਪਹਿਲਾਂ ਕੋਈ ਠੋਸ ਰਿਕਾਰਡ ਮੌਜੂਦ ਨਹੀਂ ਸੀ ਪਰ ਹੁਣ ਜਲ ਸਰੋਤ ਵਿਭਾਗ ਨੇ ‘ਟੇਲ ਗੇਜ ਐਪ’ ਬਣਾਈ ਹੈ ਜਿਸ ਦਾ ਕੰਟਰੋਲ ਰੂਮ ਚੰਡੀਗੜ੍ਹ ’ਚ ਬਣਾਇਆ ਗਿਆ ਹੈ।
ਜਲ ਸਰੋਤ ਵਿਭਾਗ ਵੱਲੋਂ ਸਮੁੱਚੇ ਪੰਜਾਬ ’ਚ 1110 ਟੇਲਾਂ ਦੀ ਸ਼ਨਾਖ਼ਤ ਕੀਤੀ ਗਈ ਹੈ ਅਤੇ ਅੱਠ ਜ਼ਿਲ੍ਹਿਆਂ ’ਚ ਸਭ ਤੋਂ ਵੱਧ ਟੇਲਾਂ ਬਣਦੀਆਂ ਹਨ। ਸਭ ਤੋਂ ਵੱਧ ਰਜਵਾਹਿਆਂ ਦੀਆਂ ਟੇਲਾਂ ਜ਼ਿਲ੍ਹਾ ਸੰਗਰੂਰ ਵਿੱਚ ਹਨ ਜੋ ਕਿ 115 ਦੇ ਕਰੀਬ ਹਨ। ਦੂਜੇ ਨੰਬਰ ’ਤੇ ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ 90 ਟੇਲਾਂ ਪੈਂਦੀਆਂ ਹਨ ਜਦਕਿ ਤੀਜੇ ਨੰਬਰ ’ਤੇ ਤਰਨ ਤਾਰਨ ਜ਼ਿਲ੍ਹੇ ਵਿੱਚ 85 ਟੇਲਾਂ ਹਨ। ਬਠਿੰਡਾ ਜ਼ਿਲ੍ਹੇ ’ਚ 83, ਅੰਮ੍ਰਿਤਸਰ ਜ਼ਿਲ੍ਹੇ ’ਚ 78, ਮਾਨਸਾ ਜ਼ਿਲ੍ਹੇ ’ਚ 73, ਪਟਿਆਲਾ ’ਚ 79 ਅਤੇ ਸ੍ਰੀ ਮੁਕਤਸਰ ਸਾਹਿਬ ’ਚ 81 ਟੇਲਾਂ ਬਣਦੀਆਂ ਹਨ।
ਟੇਲਾਂ ’ਤੇ ਪੈਂਦੇ ਪਿੰਡਾਂ ਨੂੰ ਵਰ੍ਹਿਆਂ ਤੋਂ ਨਹਿਰੀ ਪਾਣੀ ਨਹੀਂ ਮਿਲਿਆ ਸੀ। ਇਨ੍ਹਾਂ ਪਿੰਡਾਂ ਦੀ ਪੂਰੀ ਨਿਰਭਰਤਾ ਜ਼ਮੀਨੀ ਪਾਣੀ ’ਤੇ ਰਹੀ ਹੈ। ਪੰਜਾਬ ਵਿੱਚ ਸਭ ਤੋਂ ਵੱਧ ਸੁੱਕੀਆਂ 43 ਟੇਲਾਂ ਜ਼ਿਲ੍ਹਾ ਫ਼ਿਰੋਜ਼ਪੁਰ ਵਿੱਚ ਸਨ ਜਿਨ੍ਹਾਂ ’ਤੇ ਨਹਿਰੀ ਪਾਣੀ ਪੁੱਜਿਆ ਹੀ ਨਹੀਂ ਸੀ ਅਤੇ ਤਰਨ ਤਾਰਨ ਵਿੱਚ ਅਜਿਹੀਆਂ ਸੁੱਕੀਆਂ 29 ਟੇਲਾਂ ਸਨ। ਪਟਿਆਲਾ ਜ਼ਿਲ੍ਹੇ ਵਿੱਚ 28 ਟੇਲਾਂ ਤੇ ਅੰਮ੍ਰਿਤਸਰ ਵਿੱਚ 21 ਸੁੱਕੀਆਂ ਟੇਲਾਂ ਸਨ। ਨਹਿਰਾਂ ਤੇ ਰਜਵਾਹਿਆਂ ਦੀ ਸਫ਼ਾਈ ਅਤੇ ਮੁਰੰਮਤ ਆਦਿ ਦੀਆਂ ਕਮੀਆਂ ਹੋਣ ਕਰਕੇ ਟੇਲਾਂ ’ਤੇ ਪੈਂਦੇ ਪਿੰਡਾਂ ਨੂੰ ਕਦੇ ਨਹਿਰੀ ਪਾਣੀ ਦੇਖਣ ਦਾ ਵੀ ਮੌਕਾ ਨਹੀਂ ਮਿਲਿਆ ਸੀ।
ਜਲ ਸਰੋਤ ਵਿਭਾਗ ਨੇ ਹੁਣ ‘ਟੇਲ ਗੇਜ ਮਾਨੀਟਰਿੰਗ ਐਪ’ ਸਿਸਟਮ ਬਣਾ ਕੇ 234 ਸੁੱਕੀਆਂ ਟੇਲਾਂ ਤੱਕ ਨਹਿਰੀ ਪਾਣੀ ਪੁੱਜਦਾ ਕਰਨ ਦਾ ਦਾਅਵਾ ਕੀਤਾ ਹੈ। ਪੰਜਾਬ ਵਿੱਚ ਹੁਣ ਰੋਜ਼ਾਨਾ ਕੁੱਲ 1110 ਟੇਲਾਂ ’ਤੇ ਪਾਣੀ ਦੀ ਸਥਿਤੀ ਦੀ ਫੀਡ ਬੈਕ ਲਈ ਜਾ ਰਹੀ ਹੈ। ਇਸ ਕੰਮ ’ਤੇ ਕਰੀਬ 1500 ਮੁਲਾਜ਼ਮ ਤਾਇਨਾਤ ਕੀਤੇ ਹਨ ਜਿਨ੍ਹਾਂ ਵਿੱਚ ਬੇਲਦਾਰ, ਮੇਟ, ਗੇਜ ਰੀਡਰ ਅਤੇ ਪਟਵਾਰੀ ਆਦਿ ਸ਼ਾਮਲ ਹਨ। ਜਲ ਸਰੋਤ ਵਿਭਾਗ ਦੀ ‘ਟੇਲ ਗੇਜ ਐਪ’ ਵਿੱਚ ਰੋਜ਼ਾਨਾ ਮੁਲਾਜ਼ਮ ਹਰ ਟੇਲ ਦੀ ਤਸਵੀਰ ਅਪਲੋਡ ਕਰਦੇ ਹਨ ਜਿਸ ਤੋਂ ਪਤਾ ਲਗਦਾ ਹੈ ਕਿ ਕਿੰਨੀਆਂ ਟੇਲਾਂ ਸੁੱਕੀਆਂ ਹਨ ਅਤੇ ਕਿੰਨੀਆਂ ਟੇਲਾਂ ’ਤੇ ਪਾਣੀ ਪਹੁੰਚ ਰਿਹਾ ਹੈ।
ਅੱਜ ਦੇ ਦਿਨ 42 ਟੇਲਾਂ ਸੁੱਕੀਆਂ ਮਿਲੀਆਂ ਹਨ। ਹਰ ਖੇਤਰ ਦੇ ਜੇਈ ਨੂੰ ਸੁੱਕੀ ਟੇਲ ਦੇ ਕਾਰਨਾਂ ਬਾਰੇ ਦੱਸਣਾ ਪੈਂਦਾ ਹੈ। ਮਹਿਕਮੇ ਦੇ ਅਧਿਕਾਰੀ ਦੱਸਦੇ ਹਨ ਕਿ ਜਿਨ੍ਹਾਂ ਸੁੱਕੀਆਂ ਟੇਲਾਂ ’ਤੇ ਹਾਲੇ ਵੀ ਘੱਟ ਪਾਣੀ ਪਹੁੰਚ ਰਿਹਾ ਹੈ, ਉਨ੍ਹਾਂ ਟੇਲਾਂ ਵਾਲੇ ਰਜਵਾਹਿਆਂ ’ਤੇ ਫੋਕਸ ਕੀਤਾ ਜਾ ਰਿਹਾ ਹੈ। ਜਿੱਥੇ ਵੀ ਕੋਈ ਕਮੀ ਹੈ, ਉਸ ਦੀ ਪੂਰਤੀ ਵਾਸਤੇ ਕੰਮ ਸ਼ੁਰੂ ਕੀਤਾ ਜਾਂਦਾ ਹੈ। ਹਰ ਟੇਲ ’ਤੇ ਇੱਕ ਦੋ ਰੰਗਾਂ ਵਾਲੇ ਨਿਸ਼ਾਨ ਲਗਾਏ ਗਏ ਹਨ ਜਿਨ੍ਹਾਂ ਦੀ ਤਸਵੀਰ ਤੋਂ ਟੇਲ ’ਤੇ ਪੁੱਜਣ ਵਾਲੇ ਪਾਣੀ ਦੀ ਸਥਿਤੀ ਬਾਰੇ ਪਤਾ ਲਗਦਾ ਹੈ। ਮਹਿਕਮੇ ਨੇ ਮੁੱਖ ਦਫ਼ਤਰ ਵਿੱਚ ਕੰਟਰੋਲ ਰੂਮ ਸਥਾਪਤ ਕੀਤਾ ਹੈ ਜਿੱਥੇ ਰੋਜ਼ਾਨਾ ਹਰ ਟੇਲ ਦਾ ਵੇਰਵਾ ਦੇਖਿਆ ਜਾਂਦਾ ਹੈ। ਜਲ ਸਰੋਤ ਵਿਭਾਗ ਨੇ ਇਸ ਤੋਂ ਪਹਿਲਾਂ ਸੂਬੇ ਵਿੱਚ 17,072 ਖਾਲ ਸੁਰਜੀਤ ਕੀਤੇ ਸਨ ਅਤੇ 79 ਨਹਿਰਾਂ ਤੇ ਰਜਵਾਹੇ ਬਹਾਲ ਕੀਤੇ ਸਨ।
ਰਜਵਾਹਿਆਂ ਦੀ ਸਫ਼ਾਈ ਤਾਂ ਹੋਈ ਨਹੀਂ: ਭੈਣੀ ਬਾਘਾ
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਮਾਨਸਾ ਜ਼ਿਲ੍ਹੇ ਦੇ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਦਾ ਕਹਿਣਾ ਸੀ ਕਿ ਇਸ ਵੇਲੇ ਟੇਲਾਂ ’ਤੇ ਪਾਣੀ ਤਾਂ ਪਹੁੰਚ ਰਿਹਾ ਹੈ ਪਰ ਬਹੁਤ ਘੱਟ ਮਾਤਰਾ ਵਿੱਚ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਰਜਵਾਹਿਆਂ ਦੀ ਨਾ ਤਾਂ ਮੁਰੰਮਤ ਹੋਈ ਹੈ ਅਤੇ ਨਾ ਹੀ ਵਿਸਥਾਰ ਹੋਇਆ ਹੈ ਜਿਸ ਕਰਕੇ ਟੇਲਾਂ ’ਤੇ ਵਾਧੂ ਪਾਣੀ ਪਹੁੰਚਣ ਦੀ ਕੋਈ ਗੁੰਜਾਇਸ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦਿਨਾਂ ਵਿੱਚ ਬਾਰਸ਼ਾਂ ਹੋਣ ਕਰਕੇ ਪਾਣੀ ਪਹੁੰਚ ਜਾਂਦਾ ਹੈ।