ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੰਜਾਬ ਦੇ ਡੈਮਾਂ ’ਚ ਪਾਣੀ ਵਧਿਆ; ਹੜ੍ਹਾਂ ਦਾ ਸੰਕਟ ਗੰਭੀਰ

ਪੌਂਗ ਤੇ ਭਾਖਡ਼ਾ ਡੈਮ ’ਚੋਂ ਛੱਡੇ ਪਾਣੀ ਕਾਰਨ ਦਰਜਨਾਂ ਪਿੰਡ ਡੁੱਬੇ; ਮੌਸਮ ਵਿਭਾਗ ਵੱਲੋਂ ਤਿੰਨ ਦਿਨ ਹੋਰ ਮੀਂਹ ਪੈਣ ਦੀ ਪੇਸ਼ੀਨਗੋਈ
ਸੁਲਤਾਨਪੁਰ ਲੋਧੀ ਇਲਾਕੇ ’ਚ ਲੋਕ ਕਿਸ਼ਤੀ ’ਤੇ ਜਾਂਦੇ ਹੋਏ। -ਫੋਟੋ: ਮਲਕੀਤ ਸਿੰਘ
Advertisement

ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਪੈ ਰਹੇ ਮੀਂਹ ਕਾਰਨ ਪੰਜਾਬ ਵਿੱਚ ਹੜ੍ਹਾਂ ਦਾ ਸੰਕਟ ਘਟਣ ਦਾ ਨਾਮ ਨਹੀਂ ਲੈ ਰਿਹਾ ਹੈ। ਲਗਾਤਾਰ ਪੈ ਰਹੇ ਮੀਂਹ ਕਰ ਕੇ ਪੰਜਾਬ ਦੇ ਪੌਂਗ, ਭਾਖੜਾ ਤੇ ਰਣਜੀਤ ਸਾਗਰ ਡੈਮ ਵਿੱਚ ਪਾਣੀ ਦਾ ਪੱਧਰ ਵੀ ਵਧਦਾ ਜਾ ਰਿਹਾ ਹੈ। ਉੱਧਰ, ਪੌਂਗ ਤੇ ਭਾਖੜਾ ਡੈਮ ਵਿੱਚੋਂ ਪਾਣੀ ਛੱਡਣ ਕਰ ਕੇ ਹੋਰ ਕਈ ਦਰਜਨਾਂ ਪਿੰਡ ਹੜ੍ਹ ਦੀ ਮਾਰ ਹੇਠ ਆ ਗਏ ਹਨ। ਹਾਲਾਂਕਿ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਫ਼ਿਰੋਜ਼ਪੁਰ ਤੇ ਫ਼ਾਜ਼ਿਲਕਾ ਅਤੇ ਹਰਦੀਪ ਸਿੰਘ ਮੁੰਡੀਆਂ ਨੇ ਸੁਲਤਾਨਪੁਰ ਲੋਧੀ ਵਿੱਚ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਹੈ।

ਮੌਸਮ ਵਿਭਾਗ ਵੱਲੋਂ ਅਗਲੇ ਤਿੰਨ ਦਿਨ ਪੰਜਾਬ ਸਣੇ ਉੱਤਰੀ ਭਾਰਤ ਵਿੱਚ ਮੀਂਹ ਪੈਣ ਦੀ ਦਿੱਤੀ ਚਿਤਾਵਨੀ ਨੇ ਲੋਕਾਂ ਦਾ ਫ਼ਿਕਰ ਵਧਾ ਦਿੱਤਾ ਹੈ। ਜਾਣਕਾਰੀ ਅਨੁਸਾਰ ਬਿਆਸ ਤੇ ਸਤਲੁਜ ’ਚ ਪਾਣੀ ਜ਼ਿਆਦਾ ਆਉਣ ਕਾਰਨ ਫ਼ਿਰੋਜ਼ਪੁਰ, ਫ਼ਾਜ਼ਿਲਕਾ, ਸੁਲਤਾਨਪੁਰ ਲੋਧੀ, ਕਪੂਰਥਲਾ, ਤਰਨ ਤਾਰਨ ਆਦਿ ਇਲਾਕੇ ਹੜ੍ਹਾਂ ਦੀ ਲਪੇਟ ਵਿੱਚ ਆ ਚੁੱਕੇ ਹਨ। ਅੱਜ ਸ਼ਾਹਕੋਟ ਵਿੱਚ ਚਿੱਟੀ ਵੇਈਂ ਵਿੱਚ ਪਾਣੀ ਵਧਣ ਕਰ ਕੇ ਦਰਜਨਾਂ ਪਿੰਡ ਹੜ੍ਹ ਦੀ ਮਾਰ ਹੇਠ ਆ ਗਏ ਹਨ। ਇਸ ਦੌਰਾਨ ਪਿੰਡ ਖਾਲੇਵਾਲ ਤੋਂ ਨਸੀਰਪੁਰ ਤੱਕ ਦੇ ਸਾਰੇ ਪਿੰਡ ਪਾਣੀ ਵਿੱਚ ਡੁੱਬ ਗਏ ਹਨ।

Advertisement

ਇਸੇ ਤਰ੍ਹਾਂ ਨੰਗਲ ਡੈਮ ਤੋਂ ਸਤਲੁਜ ਵਿੱਚ ਪਾਣੀ ਛੱਡਣ ਕਰ ਕੇ ਕਈ ਪਿੰਡਾਂ ਵਿੱਚ ਪਾਣੀ ਵੜ ਗਿਆ ਹੈ। ਇਸ ਦੌਰਾਨ ਸ੍ਰੀ ਆਨੰਦਪੁਰ ਸਾਹਿਬ ਅਤੇ ਨੂਰਪੁਰ ਬੇਦੀ ਦੇ ਕਈ ਪਿੰਡਾਂ ’ਚ ਪਾਣੀ ਭਰ ਗਿਆ ਹੈ। ਇਸ ਤੋਂ ਇਲਾਵਾ ਪਿੰਡ ਆਲੀਕਲਾ ਦੇ ਐਡਵਾਂਸ ਬੰਨ੍ਹ ’ਚ ਪਾੜ ਪੈਣ ਕਾਰਨ ਹਜ਼ਾਰਾਂ ਏਕੜ ਫ਼ਸਲ ਡੁੱਬ ਗਈ ਹੈ।

ਪੌਂਗ ਤੇ ਭਾਖੜਾ ਡੈਮਾਂ ’ਚ ਪਾਣੀ ਖ਼ਤਰੇ ਦੇ ਨਿਸ਼ਾਨ ਨੇੜੇ

ਪੰਜਾਬ ਤੇ ਨਾਲ ਲੱਗਦੇ ਪਹਾੜੀ ਇਲਾਕੇ ਵਿੱਚ ਮੀਂਹ ਪੈਣ ਕਰ ਕੇ ਪੌਂਗ ਡੈਮ ਵਿੱਚ ਪਾਣੀ ਦਾ ਪੱਧਰ 1382.33 ਫੁੱਟ ਦਰਜ ਕੀਤਾ ਗਿਆ ਹੈ ਤੇ ਖ਼ਤਰੇ ਦਾ ਨਿਸ਼ਾਨ 1390 ਫੁੱਟ ’ਤੇ ਹੈ। ਪੌਂਗ ਡੈਮ ਵਿੱਚ ਪਾਣੀ ਦੀ ਆਮਦ 45,800 ਕਿਊਸਿਕ ਚੱਲ ਰਹੀ ਹੈ ਜਦੋਂਕਿ 59,978 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1667.07 ਫੁੱਟ ’ਤੇ ਹੈ ਜਦੋਂਕਿ ਖ਼ਤਰੇ ਦਾ ਨਿਸ਼ਾਨ 1680 ਫੁੱਟ ’ਤੇ ਹੈ। ਡੈਮ ਵਿੱਚ ਪਾਣੀ ਦੀ ਆਮਦ 33,966 ਕਿਊਸਿਕ ਹੈ ਜਦੋਂਕਿ ਛੱਡਿਆ 43,300 ਕਿਊਸਿਕ ਜਾ ਰਿਹਾ ਹੈ। ਰਣਜੀਤ ਸਾਗਰ ਡੈਮ ਵਿੱਚ ਪਾਣੀ ਦਾ ਪੱਧਰ 524.144 ਮੀਟਰ ’ਤੇ ਹੈ ਤੇ ਉੱਥੇ ਖ਼ਤਰੇ ਦਾ ਨਿਸ਼ਾਨ 527.91 ਮੀਟਰ ’ਤੇ ਹੈ।

Advertisement