ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬਿਆਸ ਦਰਿਆ ’ਚ ਵਧਿਆ ਪਾਣੀ ਦਾ ਪੱਧਰ: ਧੁੱਸੀ ਨੇੜੇ ਪਿੰਡ ਫੱਤੂ ਬਰਕਤ ਦੇ ਕਈ ਘਰ ਡੁੱਬੇ

ਗਰੀਬ ਪਰਿਵਾਰ ਖੁੱਲ੍ਹੇ ਅਸਮਾਨ ਹੇਠ ਰਹਿਣ ਲਈ ਮਜਬੂਰ
ਪਿੰਡ ਫੱਤੂ ਬਰਕਤ ਵਿੱਚ ਜਲ ਮਗਨ ਹੋਈਆਂ ਗਰੀਬਾਂ ਦੀਆਂ ਝੌਂਪੜੀਆਂ ਦੀ ਤਸਵੀਰ। ਫੋਟੋ :ਕੇਪੀ ਸਿੰਘ
Advertisement

ਪਿਛਲੇ ਕੁਝ ਦਿਨਾਂ ਤੋਂ ਪਹਾੜੀ ਇਲਾਕਿਆਂ ਅਤੇ ਪੰਜਾਬ ਵਿੱਚ ਲਗਾਤਾਰ ਪੈ ਰਹੇ ਮੀਂਹ ਕਾਰਨ ਬਿਆਸ ਦਰਿਆ ਦਾ ਪਾਣੀ ਦਾ ਪੱਧਰ ਵੱਧ ਕੇ ਧੁੱਸੀ ਬੰਨ੍ਹ ਤੱਕ ਪਹੁੰਚ ਗਿਆ ਹੈ, ਜਿਸ ਕਾਰਨ ਬਿਆਸ ਦਰਿਆ ਦੇ ਕੰਢੇ ਸਥਿਤ ਪਿੰਡਾਂ ਦੇ ਕੁਝ ਘਰ ਹੜ੍ਹ ਦੇ ਪਾਣੀ ਵਿੱਚ ਡੁੱਬ ਗਏ ਹਨ।

ਬਿਆਸ ਦਰਿਆ ਦੇ ਕੰਢੇ ਸਥਿਤ ਮੌਜਪੁਰ, ਕਠਾਣਾ, ਬੁੱਢਾ ਬਾਲਾ, ਫੁੱਲੜਾ, ਨੂਨ, ਫੱਤੂ ਬਰਕਤ ਆਦਿ ਪਿੰਡਾਂ ਵਿੱਚ ਝੌਂਪੜੀਆਂ ਵਰਗੇ ਘਰਾਂ ਵਿੱਚ ਰਹਿਣ ਵਾਲੇ ਕੁਝ ਗਰੀਬ ਪਰਿਵਾਰ ਅਤੇ ਕਿਸਾਨ ਪਰਿਵਾਰ ਜਿਨ੍ਹਾਂ ਦੇ ਘਰ ਦਰਿਆ ਵੱਲ ਧੁੱਸੀ ਬੰਨ੍ਹ ਦੇ ਅੰਦਰ ਹਨ। ਇਹ ਲੋਕ ਹੜ੍ਹ ਕਾਰਨ ਖੁੱਲ੍ਹੇ ਵਿੱਚ ਜਾਂ ਨੇੜਲੇ ਘਰਾਂ ਵਿੱਚ ਪਨਾਹ ਲੈਣ ਲਈ ਮਜਬੂਰ ਹਨ।

Advertisement

ਇਸ ਮੌਕੇ ਪਿੰਡ ਫੱਤੂ ਬਰਕਤ ਦੇ ਊਧਮ ਸਿੰਘ ਦਾ ਝੌਂਪੜੀ ਨੁਮਾ ਘਰ ਪਾਣੀ ਵਿੱਚ ਡੁੱਬ ਗਿਆ ਹੈ। ਉਸ ਨੇ ਦੱਸਿਆ ਕਿ ਉਸ ਦੇ ਕੋਲ ਸੌਣ ਲਈ ਕੋਈ ਜਗ੍ਹਾ ਨਹੀਂ ਹੈ ਇਸ ਲਈ ਉਹ ਧੁੱਸੀ ਬੰਨ੍ਹ ਉਪਰ ਮੰਜੀ ਤੇ ਤਰਪਾਲ ਪਾ ਕੇ ਉਸ ਹੇਠ ਲੇਟਿਆ ਰਿਹਾ ਅਤੇ ਉਸ ਦੀ ਪਤਨੀ ਨੇ ਸਾਰੀ ਰਾਤ ਵਰ੍ਹਦੇ ਮੀਂਹ ਦੇ ਵਿੱਚ ਛਤਰੀ ਲੈ ਕੇ ਬਤੀਤ ਕੀਤੀ।

ਪਿੰਡ ਫੱਤੂ ਬਰਕਤ ਵਿੱਚ ਮੀਂਹ ਦੌਰਾਨ ਤਰਪਾਲ ਹੇਠਾਂ ਮੰਜੀ ’ਤੇ ਲੇਟਿਆ ਬਜ਼ੁਰਗ ਊਧਮ ਸਿੰਘ ਅਤੇ ਛਤਰੀ ਲੈ ਕੇ ਸਮਾਂ ਬਤੀਤ ਕਰ ਰਹੀ ਉਸ ਦੀ ਪਤਨੀ। ਫੋਟੋ:ਕੇਪੀ ਸਿੰਘ

ਉਨ੍ਹਾਂ ਮੰਗ ਕੀਤੀ ਕਿ ਜੇਕਰ ਇੱਕ ਵੱਡੀ ਤਰਪਾਲ ਹੀ ਮਿਲ ਜਾਵੇ ਤਾਂ ਉਨ੍ਹਾਂ ਨੂੰ ਆਸਰਾ ਮਿਲ ਜਾਵੇਗਾ । ਇਸੇ ਤਰ੍ਹਾਂ ਪ੍ਰਵਾਸੀ ਮਜ਼ਦੂਰ ਬਦਰੀਨਾਥ ਨੇ ਵੀ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਨੇੜੇ ਹੀ ਇੱਕ ਛੋਟੇ ਜਿਹੇ ਕਮਰੇ ਵਿੱਚ ਰਹਿਣ ਲਈ ਮਜਬੂਰ ਹੈ, ਜਿਸ ਦੀ ਛੱਤ ਵੀ ਲੀਕ ਹੋ ਰਹੀ ਹੈ

ਪਿੰਡ ਵਾਸੀਆਂ ਦਾ ਕਹਿਣਾ ਹੈ ਕਿ 24 ਤਰੀਕ ਦੀ ਸ਼ਾਮ ਨੂੰ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਅਚਾਨਕ ਵਧਣ ਕਾਰਨ ਬਿਆਸ ਦਰਿਆ ਦੇ ਅੰਦਰ ਕੱਚੇ ਘਰਾਂ ਤੋਂ ਇਲਾਵਾ ਕੁਝ ਪੱਕੇ ਘਰ ਵੀ ਪਾਣੀ ਦੀ ਲਪੇਟ ਵਿੱਚ ਆ ਗਏ ਹਨ ।

ਵਧੀਕ ਡਿਪਟੀ ਕਮਿਸ਼ਨਰ ਗੁਰਦਾਸਪੁਰ ਹਰਜਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਨੇ ਅਜਿਹੀ ਮੁਸੀਬਤ ਵਿੱਚ ਫਸੇ ਲੋਕਾਂ ਲਈ ਸਕੂਲਾਂ ਅਤੇ ਹੋਰ ਸਰਕਾਰੀ ਇਮਾਰਤਾਂ ਵਿੱਚ ਅਸਥਾਈ ਪ੍ਰਬੰਧ ਕੀਤੇ ਹਨ। ਇਸ ਤੋਂ ਇਲਾਵਾ ਪ੍ਰਸ਼ਾਸਨ ਨਿੱਜੀ ਤੌਰ ’ਤੇ ਇਨ੍ਹਾਂ ਪਰਿਵਾਰਾਂ ਤੱਕ ਪਹੁੰਚ ਕਰੇਗਾ ਅਤੇ ਲੋੜੀਂਦੀ ਸਹਾਇਤਾ ਪ੍ਰਦਾਨ ਕਰੇਗਾ।

 

 

 

 

Advertisement