ਬਿਆਸ ’ਚ ਪਾਣੀ ਦਾ ਪੱਧਰ ਵਧਿਆ
ਦਰਿਆ ਬਿਆਸ ਵਿੱਚ ਅਚਾਨਕ ਪਾਣੀ ਦਾ ਪੱਧਰ ਵਧਣ ਕਰਕੇ ਖਡੂਰ ਸਾਹਿਬ ਅਤੇ ਤਰਨ ਤਾਰਨ ਤਹਿਸੀਲ ਦੇ 20 ਦੇ ਕਰੀਬ ਪਿੰਡਾਂ ਦੇ ਸੈਂਕੜੇ ਕਿਸਾਨਾਂ ਦੀ ਮੰਡ ਖੇਤਰ ਅੰਦਰ ਆਉਂਦੀ 12,000 ਏਕੜ ਦੇ ਕਰੀਬ ਫਸਲ ਪਾਣੀ ਵਿਚ ਘਿਰ ਗਈ ਹੈ| ਮਾਲ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਬਿਆਸ ਦਰਿਆ ਵਿੱਚ ਅਚਾਨਕ ਹੀ ਪਾਣੀ ਦਾ ਪੱਧਰ ਵਧਣ ਕਰਕੇ ਪਿੰਡ ਵੈਰੋਵਾਲ, ਬੋਦਲ ਕੀੜੀ, ਕੀੜੀ ਸਾਹੀ, ਹੰਸਾਂ ਵਾਲਾ, ਅਕਬਰਪੁਰਾ, ਧੁੰਦਾ, ਗੋਇੰਦਵਾਲ ਸਾਹਿਬ, ਜੌਹਲ ਢਾਏ ਵਾਲਾ, ਭੈਲ ਢਾਏਵਾਲਾ, ਮੁੰਡਾ ਪਿੰਡ, ਕਰਮੂੰਵਾਲਾ, ਘੜਕਾ, ਚੰਬਾ ਕਲਾਂ, ਚੰਬਾ ਖੁਰਦ, ਹਰੀਕੇ ਆਦਿ ਪਿੰਡਾਂ ਦੇ ਕਿਸਾਨਾਂ ਦੀ ਫਸਲ ਪ੍ਰਭਾਵਿਤ ਹੋਣ ਦਾ ਖਦਸ਼ਾ ਬਣ ਗਿਆ ਹੈ| ਇਸ ਮੌਕੇ ਪਾਣੀ ਨਾਲ ਪ੍ਰਭਾਵਿਤ ਪਿੰਡ ਮੁੰਡਾ ਵਿਚ ਜਮਹੂਰੀ ਕਿਸਾਨ ਸਭਾ ਦੇ ਆਗੂ ਮਨਜੀਤ ਸਿੰਘ ਬੱਗੂ, ਰੇਸ਼ਮ ਸਿੰਘ ਫੈਲੋਕੇ, ਦਾਰਾ ਸਿੰਘ ਮੁੰਡਾ ਪਿੰਡ, ਜੰਗ ਬਹਾਦਰ ਸਿੰਘ ਤੁੜ ’ਤੇ ਆਧਰਿਤ ਟੀਮ ਨੇ ਨੁਕਸਾਨ ਦਾ ਜਾਇਜ਼ਾ ਲਿਆ| ਆਗੂਆਂ ਨੇ ਕਿਹਾ ਕਿ ਇਸ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਨਾਲ ਬਣਨ ਵਾਲੀ ਸਥਿਤੀ ਬਾਰੇ ਕਿਸਾਨਾਂ ਨੂੰ ਪ੍ਰਸ਼ਾਸਨ ਵਲੋਂ ਕੋਈ ਅਗਾਊਂ ਜਾਣਕਾਰੀ ਨਹੀਂ ਦਿੱਤੀ ਗਈ ਜਿਸ ਕਰਕੇ ਵੱਡੀ ਗਿਣਤੀ ਕਿਸਾਨਾਂ ਦੇ ਦਰਿਆ ਅੰਦਰ ਮੰਡ ਖੇਤਰ ਵਿੱਚ ਫਸਣ ਦਾ ਵੀ ਖਤਰਾ ਬਣ ਗਿਆ ਹੈ| ਆਗੂਆਂ ਨੇ ਕਿਹਾ ਕਿ ਅੱਜ ਦਿਨ ਭਰ ਨਾ ਤਾਂ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਅਤੇ ਨਾ ਹੀ ਹਾਕਮ ਧਿਰ ਦਾ ਕੋਈ ਆਗੂ ਕਿਸਾਨ ਦੀ ਸਾਰ ਲੈਣ ਆਇਆ। ਫਾਜ਼ਿਲਕਾ ਨਾਲ ਲੱਗਦੇ ਤਿੰਨ ਪਿੰਡਾਂ ਵਿਚੋਂ ਗੁਜ਼ਰਦੀ ਡਿੱਚ ਡਰੇਨ ’ਚ ਪਾੜ ਪੈ ਗਿਆ ਜਿਸ ਕਾਰਨ ਤਿੰਨ ਪਿੰਡਾਂ ਸਾਬੂਆਣਾ, ਔਡੀਆਂ ਅਤੇ ਕੇਰੀਆਂ ਅੰਦਰ ਪਾਣੀ ਦਾਖਲ ਹੋ ਗਿਆ ਤੇ ਕਿਸਾਨਾਂ ਦੀ 4000 ਦੇ ਕਰੀਬ ਏਕੜ ਫਸਲ ਤਬਾਹ ਹੋ ਗਈ। ਪਿੰਡ ਸਾਬੂਆਣਾ ਦੇ ਕਿਸਾਨ ਇਮੀਚੰਦ ਨੇ ਦੱਸਿਆ ਕਿ ਉਨ੍ਹਾਂ ਦਾ ਇੰਨਾ ਵੱਡਾ ਨੁਕਸਾਨ ਹੋਇਆ ਹੈ ਕਿ 10 ਸਾਲ ਤੱਕ ਪੂਰਾ ਨਹੀਂ ਹੋ ਸਕਦਾ। ਉਨ੍ਹਾਂ ਦੱਸਿਆ ਕਿ ਕਈ ਕਿਸਾਨਾਂ ਨੇ 50 ਤੋਂ 60 ਹਜ਼ਾਰ ਰੁਪਏ ਖਰਚ ਕੇ ਜ਼ਮੀਨ ਠੇਕੇ ’ਤੇ ਲਈ ਹੈ ਅਤੇ ਉਨ੍ਹਾਂ ਦੇ ਇਲਾਕੇ ਦੀ ਕਰੀਬ 4 ਏਕੜ ਫਸਲ ਤਬਾਹ ਹੋ ਗਈ ਹੈ ਜਿਸ ਵਿੱਚ ਨਰਮਾ, ਝੋਨਾ ਅਤੇ ਪਸ਼ੂਆਂ ਦਾ ਹਰਾ ਚਾਰਾ ਬੀਜਿਆ ਹੋਇਆ ਸੀ। ਪਿੰਡ ਵਾਸੀ ਪ੍ਰੇਮ ਕੁਮਾਰ, ਬਲਵੰਤ ਕੁਮਾਰ ਅਤੇ ਹਰਬੰਸ ਸਿੰਘ ਨੇ ਦੱਸਿਆ ਕਿ ਡਰੇਨ ਵਿੱਚ ਪਾੜ ਪੈਣ ਨਾਲ ਜ਼ਮੀਨ ਵਿੱਚ ਪੰਜ ਫੁੱਟ ਤੱਕ ਪਾਣੀ ਭਰ ਗਿਆ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਡਰੇਨ ਵਿਭਾਗ ਦੇ ਅਧਿਕਾਰੀਆਂ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਇਸ ਡਰੇਨ ਦੀ ਕਦੇ ਵੀ ਸਫਾਈ ਨਹੀਂ ਕੀਤੀ ਗਈ। ਤਿੰਨਾਂ ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪ੍ਰਸ਼ਾਸਨ ਨੂੰ ਕਈ ਵਾਰ ਡਰੇਨ ਦੀ ਸਫਾਈ ਕਰਵਾਉਣ ਲਈ ਬੇਨਤੀ ਕੀਤੀ ਸੀ ਪ੍ਰੰਤੂ ਪ੍ਰਸ਼ਾਸਨ ਨੇ ਕੁਝ ਨਾ ਕੀਤਾ। ਪਿੰਡਾਂ ਅੰਦਰ ਪਾਣੀ ਵੜਨ ਨਾਲ ਪਿੰਡ ਵਾਸੀਆਂ ਦੇ ਮਕਾਨਾਂ ਨੂੰ ਵੀ ਵੱਡਾ ਖਤਰਾ ਬਣਿਆ ਹੋਇਆ ਹੈ। ਖੁੱਲ੍ਹੇ ਵਿਚ ਸਾਮਾਨ ਰੱਖ ਕੇ ਬੈਠੀ ਰਾਣੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕੋਈ ਸਾਰ ਲੈਣ ਤੱਕ ਨਹੀਂ ਆਇਆ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਸ਼ੂਆਂ ਲਈ ਨਹੀਂ ਬਚਿਆ ਤੇ ਨਾ ਹੀ ਪ੍ਰਸ਼ਾਸਨ ਵੱਲੋਂ ਕੋਈ ਪ੍ਰਬੰਧ ਕੀਤਾ ਹੈ।