ਸਤਲੁਜ ਦਰਿਆ ’ਚ ਲਗਾਤਾਰ ਵੱਧ ਰਿਹਾ ਪਾਣੀ ਦਾ ਪੱਧਰ: ਬੇਵੱਸ ਲੋਕ ਘਰ ਛੱਡਣ ਲਈ ਮਜਬੂਰ
ਲੰਘੇ ਕਈ ਦਿਨਾਂ ਤੋਂ ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਪ੍ਰਸ਼ਾਸਨ ਵੱਲੋਂ ਕੋਈ ਪੁਖ਼ਤਾ ਪ੍ਰਬੰਧ ਨਾ ਹੋਣ ਕਾਰਨ ਲੋਕਾਂ ਵਿੱਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਸੀ ਪਰ ਹੁਣ ਸਤਲੁਜ ਦਰਿਆ ਵਿੱਚ ਵੱਧ ਰਹੇ ਲਗਾਤਾਰ ਪਾਣੀ ਕਾਰਨ ਪ੍ਰਸ਼ਾਸਨ ਪੱਬਾਂ ਭਾਰ ਹੋ ਚੁੱਕਾ ਹੈ। ਪਿਛਲੇ ਦੋ ਦਿਨਾਂ ਤੋਂ ਪ੍ਰਸ਼ਾਸਨ ਅਧਿਕਾਰੀਆਂ ਵੱਲੋਂ ਹਰੀਕੇ ਹੈੱਡ ਵਰਕਸ ਤੋਂ ਅੱਗੇ ਸਤਲੁਜ ਦਰਿਆ ਵਿੱਚ ਆਏ ਹੜ੍ਹਾਂ ਕਾਰਨ ਪਾਣੀ ਵਿੱਚ ਘਿਰੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਭਾਰਤੀ ਫੌਜ ਅਤੇ ਐਨਡੀਆਰਐਫ਼ ਦੀਆਂ ਟੀਮਾਂ ਭੇਜੀਆਂ ਗਈਆਂ ਅਤੇ ਕਈ ਪਰਿਵਾਰਾਂ ਨੂੰ ਬਾਹਰ ਕੱਢ ਕੇ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ।
ਪਿਛਲੇ ਕਈ ਦਿਨਾਂ ਤੋਂ ਹੜ੍ਹਾਂ ਵਿੱਚ ਘਿਰੇ ਕਈ ਪਰਿਵਾਰ ਆਪਣੇ ਘਰ ਛੱਡਣ ਦੀ ਤਿਆਰ ਨਹੀਂ ਸਨ ਪਰ ਹੁਣ ਸਤਲੁਜ ਦਰਿਆ ਵਿੱਚ ਲਗਾਤਾਰ ਪਾਣੀ ਦਾ ਪੱਧਰ ਵੱਧਣ ਕਾਰਨ ਅਤੇ ਮੌਸਮ ਵਿਭਾਗ ਵੱਲੋਂ ਆਉਂਦੇ ਦੋ ਤਿੰਨ ਦਿਨਾਂ ਵਿੱਚ ਭਾਰੀ ਮੀਂਹ ਹੋਣ ਦੇ ਅਲਰਟ ਜਾਰੀ ਕਰਨ ਮਗਰੋਂ ਇਨ੍ਹਾਂ ਪਰਿਵਾਰਾਂ ਕੋਲ ਆਪਣੇ ਘਰ ਛੱਡਣ ਦਾ ਸਿਵਾਏ ਕੋਈ ਚਾਰਾ ਨਹੀਂ ਰਿਹਾ।
ਅੱਜ ਐਨਡੀਆਰਐਫ਼ ਅਤੇ ਭਾਰਤੀ ਫੌਜ ਵੱਲੋਂ ਰਿਸਕਿਊ ਕਰਕੇ ਪਿੰਡ ਧੀਰਾ ਘਾਰਾ, ਨਿਹਾਲਾ ਲਵੇਰਾ, ਟੱਲੀ ਗੁਲਾਮ, ਰਾਜੀ ਸਭਰਾ, ਫਤਿਹਗੜ੍ਹ ਸਭਰਾ, ਆਲੇ ਵਾਲਾ, ਫੱਤੇ ਵਾਲਾ ਆਦਿ ਕਈ ਪਿੰਡਾਂ ਤੋਂ ਲੋਕਾਂ ਨੂੰ ਬਾਹਰ ਕੱਢ ਕੇ ਸੁਰੱਖਿਅਤ ਥਾਵਾਂ ’ਤੇ ਭੇਜਿਆ ਗਿਆ।
ਇਸ ਤੋਂ ਇਲਾਵਾ ਸਿਹਤ ਵਿਭਾਗ ਦੀ ਟੀਮ ਵੱਲੋਂ ਮੱਲਾਂਵਾਲਾ ਤੋਂ ਨੇੜਲੇ ਪਿੰਡ ਨਿਹਾਲਾ ਲਵੇਰਾ ਵਿੱਚ ਗਰਭਵਤੀ ਔਰਤ ਨੂੰ ਹੜ੍ਹ ਦੇ ਪਾਣੀ ਚੋਂ ਬਾਹਰ ਲਿਆ ਕੇ ਸੁਰੱਖਿਅਤ ਥਾਂ ਪਹੁੰਚਾਇਆ ਗਿਆ।