ਸਤਲੁਜ ਵਿੱਚ ਪਾਣੀ ਦਾ ਪੱਧਰ ਵਧਿਆ; ਧਰਮਕੋਟ ਦੇ ਪਿੰਡਾਂ ’ਚ ਸਹਿਮ ਦਾ ਮਾਹੌਲ
ਲੰਘੀ ਰਾਤ ਤੋਂ ਸਤਲੁਜ ਵਿੱਚ ਪਾਣੀ ਦਾ ਪੱਧਰ ਤੇਜ਼ੀ ਨਾਲ ਵੱਧਣ ਕਰਕੇ ਦਰਿਆ ਕਿਨਾਰੇ ਵਸਦੇ ਇੱਥੋਂ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ। ਦਰਿਆਂ ਦਾ ਪਾਣੀ ਬੰਨ੍ਹ ਦੇ ਨਾਲ ਖਹਿਣ ਲੱਗਾ ਹੈ। ਧੁੱਸੀ ਬੰਨ੍ਹ ਦੇ ਅੰਦਰਲੇ ਰਕਬੇ ਵਿੱਚ ਖੜ੍ਹੀ ਝੋਨੇ ਦੀ ਫ਼ਸਲ ਤੋਂ ਇਲਾਵਾ ਹਰਾ ਚਾਰਾ ਪੂਰੀ ਤਰ੍ਹਾਂ ਪਾਣੀ ਵਿਚ ਡੁੱਬ ਗਿਆ ਹੈ। ਧਰਮਕੋਟ ਦੇ ਪਿੰਡ ਰੇੜ੍ਹਵਾਂ ਪਾਸ ਧੁੱਸੀ ਬੰਨ੍ਹ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਬੰਨ੍ਹ ਨੂੰ ਕਈ ਥਾਵਾਂ ਤੋਂ ਪਾੜ ਪਏ ਦਿਖਾਈ ਦੇ ਰਹੇ ਹਨ। ਬੀਤੇ ਸਮੇਂ ਵਿੱਚ ਬੰਨ੍ਹ ਦੇ ਇਰਦ ਗਿਰਦ ਨਜਾਇਜ਼ ਮਾਈਨਿੰਗ ਕਰਕੇ ਅਨੇਕਾਂ ਥਾਵਾਂ ਤੋਂ ਬੰਨ੍ਹ ਦੀ ਹਾਲਤ ਨਾਜ਼ੁਕ ਹੈ।
ਰੇੜ੍ਹਵਾਂ ਪਿੰਡ ਦੇ ਸਾਬਕਾ ਪੰਚਾਇਤ ਮੈਂਬਰ ਸੁਰਿੰਦਰਪਾਲ ਸਿੰਘ ਨੀਟਾ ਨੇ ਦੱਸਿਆ ਕਿ ਇਸ ਬੰਨ੍ਹ ਉਪਰ ਅਜੇ ਤੱਕ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਗੇੜਾ ਨਹੀਂ ਮਾਰਿਆ ਹੈ। ਬੰਨ੍ਹ ਦੀ ਦੇਖਭਾਲ ਲਈ ਤਾਇਨਾਤ ਬੇਲਦਾਰ ਵੀ ਅਕਸਰ ਗੈਰ ਹਾਜ਼ਰ ਰਹਿੰਦੇ ਹਨ। ਇਸ ਸਭ ਦੇ ਚੱਲਦਿਆਂ ਇਸ ਖੇਤਰ ਵਿੱਚ ਧੁੱਸੀ ਬੰਨ੍ਹ ਦੀ ਹਾਲਤ ਨਾਜ਼ੁਕ ਹੈ। ਉਨ੍ਹਾਂ ਦੱਸਿਆ ਕਿ ਜੇਕਰ ਇੱਥੋਂ ਬੰਨ੍ਹ ਟੁੱਟਦਾ ਹੈ ਤਾਂ ਅੱਧੀ ਦਰਜਨ ਪਿੰਡਾਂ ਨੂੰ ਭਾਰੀ ਖ਼ਤਰਾ ਹੈ।
ਪਿੰਡ ਰੇੜ੍ਹਵਾਂ ਪਾਸ ਧੁੱਸੀ ਬੰਨ੍ਹ ਦੀ ਨਾਜ਼ੁਕ ਹਾਲਤ ਦਾ ਮਾਮਲਾ ‘ਪੰਜਾਬੀ ਟ੍ਰਿਬਿਊਨ’ ਵਿੱਚ ਉਠਾਏ ਜਾਣ ਮਗਰੋਂ ਪ੍ਰਸ਼ਾਸਨ ਹਰਕਤ ਵਿਚ ਆ ਗਿਆ ਹੈ। ਉਪ ਮੰਡਲ ਸਿਵਲ ਅਧਿਕਾਰੀ ਹਿਤੇਸ਼ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵਿਭਾਗੀ ਮੁਲਾਜ਼ਮਾਂ ਦੀ ਟੀਮ ਬੰਨ੍ਹ ਦੀ ਮਜ਼ਬੂਤੀ ਵਿੱਚ ਜੁੱਟ ਗਈ ਹੈ। ਐਸਡੀਐਮ ਹਿਤੇਸ਼ ਗੁਪਤਾ ਨੇ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਉਣ ਤੋਂ ਬਾਅਦ ਜੇਸੀਬੀ ਨਾਲ ਕਮਜ਼ੋਰ ਥਾਵਾਂ ਉੱਤੋਂ ਬੰਨ੍ਹ ਦੀ ਮਜ਼ਬੂਤੀ ਦਾ ਕੰਮ ਆਰੰਭ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਤਲੁਜ ਵਿੱਚ ਹੜ੍ਹਾਂ ਵਰਗੀ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਹਲਕੇ ਦੇ ਸਮੁੱਚੇ ਧੁੱਸੀ ਬੰਨ੍ਹ ਉਪਰ ਸਖਤ ਨਿਗਰਾਨੀ ਰੱਖੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਵੀ ਪਿੰਡ ਵਾਸੀ ਨੂੰ ਕੋਈ ਮੁਸ਼ਕਲ ਪੇਸ਼ ਆਉਂਦੀ ਹੋਵੇ ਤਾਂ ਉਨ੍ਹਾਂ ਨਾਲ ਸਿੱਧਾ ਸੰਪਰਕ ਵੀ ਕਰ ਸਕਦੇ ਹਨ।