ਘੱਗਰ ਦਰਿਆ ’ਚ ਪਾਣੀ ਦਾ ਪੱਧਰ ਵਧਿਆ
ਘੱਗਰ ਦੇ ਖਨੌਰੀ ਹੈੱਡਵਰਕਸ ਤੇ ਬੁਰਜੀ ਨੰਬਰ ਆਰਡੀ 460 ’ਤੇ ਪਾਣੀ ਖਤਰੇ ਦੇ ਨਿਸ਼ਾਨ 748 ਤੋਂ ਟੱਪ ਕੇ 750.7 ਨੂੰ ਪਾਰ ਕਰ ਚੁੱਕਿਆ ਹੈ। ਘੱਗਰ ਦਰਿਆ ਕੰਢੇ ਵੱਸੇ ਪਿੰਡਾਂ ਦੇ ਕਿਸਾਨਾਂ ਦੇ ਸਾਹ ਸੂਤੇ ਗਏ ਹਨ ਅਤੇ ਉਹ ਲਗਾਤਾਰ ਆਪਣੀਆਂ ਪੁੱਤਾਂ ਵਾਂਗ ਪਾਲੀਆਂ ਫ਼ਸਲਾਂ ਨੂੰ ਬਚਾਉਣ ਲਈ ਕੋਸ਼ਿਸ਼ ਕਰ ਰਹੇ ਹਨ।
ਪਿੰਡ ਤੇਈਪੁਰ ਜੰਮੂ ਕਟੜਾ ਐਕਸਪ੍ਰੈੱਸਵੇਅ ਦੇ ਨਿਰਮਾਣ ਦੌਰਾਨ ਘੱਗਰ ਦਰਿਆ ਦੇ ਦੋਵੇਂ ਪਾਸੇ ਦੇ ਬੰਨ੍ਹ ਕਮਜ਼ੋਰ ਹਨ, ਜਿਨ੍ਹਾਂ ਦੀ ਮਜ਼ਬੂਤੀ ਲਈ ਪਿੰਡਾਂ ਦੇ ਕਿਸਾਨਾਂ ਦਾ ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਅਗਵਾਈ ਵਿੱਚ ਲਗਾਤਾਰ ਪੱਕਾ ਮੋਰਚਾ ਚੱਲ ਰਿਹਾ ਹੈ। ਘੱਗਰ ਦਰਿਆ ਦੇ ਆਸ-ਪਾਸ ਵੱਸਦੇ ਦਰਜਨ ਦੇ ਕਰੀਬ ਪਿੰਡਾਂ ਦੇ ਕਿਸਾਨਾਂ ਵੱਲੋਂ ਘੱਗਰ ਦੇ ਬੰਨ੍ਹਿਆਂ ਨੂੰ ਦਿਨ-ਰਾਤ ਟਰੈਕਟਰਾਂ-ਟਰਾਲੀਆਂ ਅਤੇ ਜੇਸੀਬੀ ਮਸ਼ੀਨਾਂ ਦੀ ਮਦਦ ਨਾਲ ਮਜ਼ਬੂਤ ਕੀਤਾ ਜਾ ਰਿਹਾ ਹੈ।
ਪਿੰਡ ਤੇਈਪੁਰ, ਸਾਗਰਾ, ਮੋਦੀ, ਕਾਗਥਲਾ, ਗੁਰਨਾਨਕਪੁਰਾ, ਗੁਲਜ਼ਾਰਪੁਰਾ, ਸ਼ੇਰਗੜ੍ਹ, ਢਾਬੀ ਗੁਜਰਾਂ ਅਤੇ ਖਨੌਰੀ ਦੇ ਕਿਸਾਨਾਂ ਨੇ ਦੱਸਿਆ ਕਿ ਨਿਰਮਾਣ ਅਧੀਨ ਜੰਮੂ ਕੱਟੜਾ ਐਕਸਪ੍ਰੈੱਸਵੇਅ ਘੱਗਰ ਦਰਿਆ ਤੋਂ ਲੰਘ ਰਿਹਾ ਹੈ। ਪੱਕੇ ਮੋਰਚੇ ਦੀ ਅਗਵਾਈ ਕਰ ਰਹੇ ਵਰਿਆਮ ਸਿੰਘ, ਸੁਖਵਿੰਦਰ ਸਿੰਘ, ਵਿਕਰਮ ਸਿੰਘ ਅਰਨੌਂ, ਗੁਰਮੀਤ ਸਿੰਘ, ਹਰਮੀਤ ਸਿੰਘ, ਹਰਜੀਤ ਸਿੰਘ ਦੋਸ਼ ਲਾਇਆ ਕਿ ਐਕਸਪ੍ਰੈੱਸਵੇਅ ਦੇ ਠੇਕੇਦਾਰਾਂ ਨੇ 40 ਤੋਂ ਬਣੇ ਸਰਕਾਰੀ ਬੰਨ੍ਹ ਦੀ ਮਿੱਟੀ ਹਾਈਵੇਅ ’ਤੇ ਵਰਤ ਕੇ ਉਨ੍ਹਾਂ ਲਈ ਮੁਸੀਬਤ ਖੜ੍ਹੀ ਕੀਤੀ ਹੈ।
ਕਿਸਾਨ ਨੇ ਦੱਸਿਆ ਕਿ ਪ੍ਰਸ਼ਾਸਨ ਨਾਲ ਕੁਝ ਦਿਨਾਂ ਪਹਿਲਾਂ ਸਮਝੌਤਾ ਹੋਇਆ ਸੀ ਕਿ ਕੰਮ ਸਹੀ ਢੰਗ ਨਾਲ ਤੇ ਤੇਜ਼ੀ ਨਾਲ ਕੀਤਾ ਜਾਵੇਗਾ ਪਰ ਉਸ ਸਮਝੌਤੇ ’ਤੇ ਕੋਈ ਅਮਲ ਨਹੀਂ ਹੋਇਆ।
ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਬੰਨ੍ਹ ਦਾ ਕੰਮ ਨੇਪਰੇ ਨਹੀਂ ਚੜ੍ਹਦਾ ਉਦੋਂ ਤੱਕ ਉਨ੍ਹਾਂ ਦਾ ਪੱਕਾ ਮੋਰਚਾ ਜਾਰੀ ਰਹੇਗਾ। ਉਨ੍ਹਾਂ ਦੱਸਿਆ ਕਿ ਐੱਸਡੀਐੱਮ ਪਾਤੜਾਂ ਅਸ਼ੋਕ ਕੁਮਾਰ, ਡਰੇਨੇਜ਼ ਵਿਭਾਗ ਦੇ ਐਕਸੀਅਨ ਪ੍ਰਥਮ ਗੰਭੀਰ, ਐੱਸਡੀਓ ਗੁਲਸ਼ਨ ਕੁਮਾਰ ਅਤੇ ਹਲਕਾ ਵਿਧਾਇਕ ਦੇ ਪੁੱਤ ਨੇ ਮੌਕੇ ’ਤੇ ਪਹੁੰਚ ਕੇ ਭਰੋਸਾ ਦਿਵਾਇਆ ਸੀ ਕਿ ਕਿਸਾਨਾਂ ਅਨੁਸਾਰ ਉਨ੍ਹਾਂ ਦਾ ਕੰਮ ਪਹਿਲ ਦੇ ਆਧਾਰ ’ਤੇ ਨੇਪਰੇ ਚਾੜ੍ਹਿਆ ਜਾਵੇਗਾ ਪਰ ਹੋਇਆ ਕੁੱਝ ਵੀ ਨਹੀਂ।
ਕਿਸਾਨ ਹਰਜਿੰਦਰ ਸਿੰਘ, ਰਣਜੀਤ ਸਿੰਘ ਸਾਬਕਾ ਸਰਪੰਚ ਮਤਲੀ, ਮਨਜੀਤ ਸਿੰਘ, ਸੁਰਤਾ ਰਾਮ, ਅਜੀਤ ਸਿੰਘ ਅਤੇ ਕੁਲਬੀਰ ਸਿੰਘ ਦੱਸਿਆ ਕਿ ਸਮਾਂ ਰਹਿੰਦੇ ਜੇਕਰ ਘੱਗਰ ਦੇ ਦੋਵੇ ਪਾਸਿਆਂ ਦੇ ਬੰਨ੍ਹ ਮਜ਼ਬੂਤ ਨਾ ਕਰਦੇ ਤਾਂ ਘੱਗਰ ਦਰਿਆ ਨੇ ਜ਼ਿਲ੍ਹਾ ਪਟਿਆਲਾ ਤੇ ਸੰਗਰੂਰ ਦੇ ਦਰਜਨਾਂ ਪਿੰਡਾਂ ਹਜ਼ਾਰਾਂ ਏਕੜ ਫ਼ਸਲਾਂ ਹੁਣ ਤੱਕ ਤਬਾਹ ਕਰ ਦੇਣਾ ਸੀ।