ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬਿਆਸ ’ਚ ਪਾਣੀ ਖਤਰੇ ਦੇ ਨਿਸ਼ਾਨ ’ਤੇ ਪੁੱਜਿਆ

ਅਧਿਕਾਰੀਆਂ ਅਨੁਸਾਰ ਪਾਣੀ ਘਟਣ ਦੀ ਸੰਭਾਵਨਾ; ਪ੍ਰਸ਼ਾਸਨ ਵੱਲੋਂ ਮੁਕੰਮਲ ਤਿਆਰੀ ਹੋਣ ਦਾ ਦਾਅਵਾ
ਸ਼ਾਹ ਨਹਿਰ ਬੈਰਾਜ ਤੋਂ ਬਿਆਸ ਦਰਿਆ ’ਚ ਛੱਡਿਆ ਜਾ ਰਿਹਾ ਪਾਣੀ।
Advertisement

ਦਵਿੰਦਰ ਸਿੰਘ ਭੰਗੂ

ਹਿਮਾਚਲ ਪ੍ਰਦੇਸ਼ ਵਿਚ ਲਗਾਤਾਰ ਮੀਂਹ ਪੈਣ ਅਤੇ ਬੱਦਲ ਫਟਣ ਦੀਆਂ ਘਟਨਾਵਾਂ ਕਾਰਨ ਬਿਆਸ ਦਰਿਆ ਦਾ ਪਾਣੀ ਵਧ ਕੇ ਖ਼ਤਰੇ ਦੇ ਨਿਸ਼ਾਨ ’ਤੇ ਪੁੱਜ ਗਿਆ ਹੈ ਜਿਸ ਨਾਲ ਦਰਿਆ ਨੇੜਲੇ ਪਿੰਡਾਂ ਅਤੇ ਖੇਤਾਂ ਵਿਚ ਪਾਣੀ ਭਰ ਗਿਆ ਹੈ। ਅਧਿਕਾਰੀਆਂ ਅਨੁਸਾਰ ਇਸ ਵੇਲੇ ਪਾਣੀ ਦਾ ਪੱਧਰ 1.10 ਲੱਖ ਕਿਊਸਿਕ ਹੈ। ਐੱਸਡੀਐੱਮ ਬਾਬਾ ਬਕਾਲਾ ਸਾਹਿਬ ਅਮਨਦੀਪ ਸਿੰਘ ਨੇ ਦੱਸਿਆ ਕਿ ਬਿਆਸ ਦਰਿਆ ਦਾ ਪਾਣੀ ਜਿਸ ਵੇਲੇ 740 ’ਤੇ ਪੁੱਜ ਜਾਂਦਾ ਹੈ ਤਾਂ ਉਸ ਵਕਤ ਯੈਲੋ ਅਲਰਟ ਐਲਾਨ ਦਿੱਤਾ ਜਾਂਦਾ ਹੈ ਪਰ ਇਰੀਗੇਸ਼ਨ ਵਿਭਾਗ ਦੀ ਰਿਪੋਰਟ ਅਨੁਸਾਰ ਹਾਲੇ ਅਜਿਹਾ ਨਹੀਂ ਕੀਤਾ ਗਿਆ ਕਿਉਂਕਿ ਸ਼ਾਮ ਤੱਕ ਪਾਣੀ ਘਟਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕਿਸੇ ਤਰ੍ਹਾਂ ਦਾ ਕੋਈ ਖ਼ਤਰਾ ਦਿਖਾਈ ਨਹੀਂ ਦੇ ਰਿਹਾ ਫਿਰ ਵੀ ਪ੍ਰਸ਼ਾਸਨ ਦੀਆਂ ਟੀਮਾਂ ‌ਤਿਆਰ ਬੈਠੀਆਂ ਹਨ। ਐੱਸਡੀਐੱਮ ਦਫ਼ਤਰ ਵਿਚ ਹੜ੍ਹ ਸਬੰਧੀ ਕੰਟਰੋਲ ਰੂਮ ਬਣਾਇਆ ਗਿਆ ਹੈ ਜਿੱਥੇ ਤਿੰਨ ਸ਼ਿਫਟਾਂ ਵਿਚ ਟੀਮਾਂ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਹੜ੍ਹ ਦੀ ਸਥਿਤੀ ਆਉਂਦੀ ਹੈ ਤਾਂ ਭਲੋਜਲਾ, ਕੋਟ ਮਹਿਤਾਬ, ਧਾਲੀਵਾਲ ਬੇਟ, ਮਿਆਣੀ, ਚੌਧਰੀਵਾਲ ਪਿੰਡਾਂ ਨੂੰ ਖ਼ਤਰਾ ਹੋ ਸਕਦਾ ਹੈ।

Advertisement

ਪੌਂਗ ਡੈਮ ਦੇ ਫਲੱਡ ਗੇਟ ਛੇਵੇਂ ਦਿਨ ਵੀ ਖੁੱਲ੍ਹੇ

ਤਲਵਾੜਾ (ਦੀਪਕ ਠਾਕੁਰ): ਇੱਥੇ ਪੌਂਗ ਡੈਮ ਦੇ ਫਲੱਡ ਗੇਟ ਅੱਜ ਛੇਵੇਂ ਦਿਨ ਵੀ ਖੁੱਲ੍ਹੇ ਰਹੇ। ਡੈਮ ਦੀ ਮਹਾਰਾਣਾ ਪ੍ਰਤਾਪ ਸਾਗਰ ਝੀਲ ’ਚ ਪਾਣੀ ਦੀ ਆਮਦ ਘਟ ਕੇ 36 ਹਜ਼ਾਰ ਕਿਊਸਿਕ ਰਹਿ ਗਈ ਹੈ। ਡੈਮ ’ਚ ਪਾਣੀ ਦਾ ਪੱਧਰ 1376 ਫੁੱਟ ਦੇ ਆਸ ਪਾਸ ਹੈ। ਅੱਜ ਡੈਮ ’ਚੋਂ 55 ਹਜ਼ਾਰ ਕਿਊਸਿਕ ਤੋਂ ਵੱਧ ਪਾਣੀ ਛੱਡਿਆ ਜਾ ਰਿਹਾ ਹੈ। ਬੀਬੀਐਮਬੀ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਸ਼ਾਮ 5 ਵਜੇ ਡੈਮ ਦੀ ਝੀਲ ’ਚ ਪਾਣੀ ਦੀ ਆਮਦ 36191 ਸੀ। ਡੈਮ ’ਚੋਂ 55904 ਕਿਊਸਿਕ ਪਾਣੀ ਸ਼ਾਹ ਨਹਿਰ ਬੈਰਾਜ ’ਚ ਛੱਡਿਆ ਜਾ ਰਿਹਾ ਹੈ। ਅੱਗਿਓਂ 11500 ਕਿਊਸਿਕ ਪਾਣੀ ਮੁਕੇਰੀਆਂ ਹਾਈਡਲ ਨਹਿਰ ਅਤੇ 44179 ਕਿਊਸਿਕ ਪਾਣੀ ਬਿਆਸ ਦਰਿਆ ’ਚ ਛੱਡਿਆ ਜਾ ਰਿਹਾ ਹੈ। ਬਿਆਸ ਡੈਮ ਦੇ ਚੀਫ਼ ਇੰਜਨੀਅਰ ਰਾਕੇਸ਼ ਗੁਪਤਾ ਨੇ ਦੱਸਿਆ ਕਿ ਮੌਸਮ ਵਿਭਾਗ ਵੱਲੋਂ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਹਾਲ ਦੀ ਘੜੀ ਪਾਣੀ ਘਟਣ ਦੀ ਕੋਈ ਸੰਭਾਵਨਾ ਨਹੀਂ ਹੈ। ਮੌਨਸੂਨ ਸੀਜ਼ਨ ਹਾਲੇ ਲੰਬਾ ਹੈ, ਇਸ ਲਈ ਇਹਤਿਆਤ ਵਜੋਂ ਡੈਮ ’ਚੋਂ ਵਾਧੂ ਪਾਣੀ ਛੱਡਿਆ ਜਾ ਰਿਹਾ ਹੈ। ਇਸ ਕਾਰਨ ਹੇਠਲੇ ਇਲਾਕਿਆਂ ’ਚ ਹੜ੍ਹ ਵਾਲੀ ਸਥਿਤੀ ਪੈਦਾ ਹੋ ਗਈ ਹੈ। ਬਲਾਕ ਹਾਜੀਪੁਰ ਦੇ ਇੱਕ ਦਰਜਨ ਦੇ ਕਰੀਬ ਪਿੰਡ ਪ੍ਰਭਾਵਿਤ ਹਨ।

Advertisement