ਦਸ ਪਿੰਡਾਂ ਦੀਆਂ ਜਲ ਸਪਲਾਈ ਸਕੀਮਾਂ ਦਾ ਪਾਣੀ ਪੀਣ ਯੋਗ ਨਹੀਂ
ਸਿਹਤ ਵਿਭਾਗ ਦੀ ਰਿਪੋਰਟ ਮੁਤਾਬਕ ਬਿਆਸ ਦਰਿਆ ਨਾਲ ਲੱਗਦੀਆਂ ਕਰੀਬ 10 ਜਲ ਸਪਲਾਈ ਸਕੀਮਾਂ ਦਾ ਪਾਣੀ ਪੀਣ ਯੋਗ ਨਹੀਂ ਰਿਹਾ। ਉੱਧਰ ਸਿਹਤ ਵਿਭਾਗ ਨੇ ਸਾਰੇ ਨਮੂਨਿਆਂ ਦੀ ਰਿਪੋਰਟ ਨੈਗੇਟਿਵ ਆਉਣ ’ਤੇ ਅਧਿਕਾਰੀਆਂ ਨੂੰ ਮੁੜ ਤੋਂ ਨਮੂਨੇ ਭਰਨ ਲਈ ਆਖਿਆ ਹੈ। ਜਾਣਕਾਰੀ ਅਨੁਸਾਰ ਸਿਹਤ ਵਿਭਾਗ ਵੱਲੋਂ ਪੰਜ ਸਤੰਬਰ ਨੂੰ ਬਿਆਸ ਦਰਿਆ ਨੇੜੇ ਕਰੀਬ 10 ਜਲ ਸਪਲਾਈ ਸਕੀਮਾਂ ਤੋਂ ਪਾਣੀ ਦੇ ਨਮੂਨੇ ਜਾਂਚ ਲਈ ਭੇਜੇ ਗਏ ਸਨ। ਸਟੇਟ ਪਬਲਿਕ ਹੈਲਥ ਲੈਬਾਰਟਰੀ, ਖਰੜ ਵੱਲੋਂ ਭੇਜੀ ਰਿਪੋਰਟ ਅਨੁਸਾਰ ਇਨ੍ਹਾਂ ਸਾਰੀਆਂ ਜਲ ਸਕੀਮਾਂ ਦਾ ਪਾਣੀ ਪੀਣ ਯੋਗ ਨਹੀਂ ਹੈ। ਜਾਂਚ ਅਧਿਕਾਰੀਆਂ ਨੇ ਮੁਰਾਦਪੁਰ ਜੱਟਾਂ, ਸਮਰਾ, ਮਹਿੰਦੀਪੁਰ ਅਤੇ ਮੌਲੀ ਦੀਆਂ ਜਲ ਸਪਲਾਈ ਸਕੀਮਾਂ ਦੇ ਨਮੂਨੇ ਦੱਸੇ ਗਏ ਸੋਮਿਆਂ ਤੋਂ ਨਾ ਭਰੇ ਜਾਣ ਦਾ ਦਾਅਵਾ ਕਰਦਿਆਂ ਸਮੁੱਚੇ ਨਮੂਨੇ ਮੁੜ ਭਰ ਕੇ ਭੇਜਣ ਦੀ ਹਦਾਇਤ ਕੀਤੀ ਹੈ।
ਐੱਸ ਐੱਮ ਓ ਡਾ. ਰਮਨ ਕੁਮਾਰ ਨੇ ਕਿਹਾ ਕਿ ਪਾਣੀ ਦੇ ਭਰੇ ਨਮੂਨਿਆਂ ਵਿੱਚ ਤਰੁੱਟੀਆਂ ਲੱਗਦੀਆਂ ਹਨ ਤੇ ਇਸ ਲਈ ਸਿਹਤ ਇੰਸਪੈਕਟਰਾਂ ਨੂੰ ਮੁੜ ਨਮੂਨੇ ਲੈਣ ਲਈ ਆਖਿਆ ਹੈ। ਉਨ੍ਹਾਂ ਕਿਹਾ ਕਿ ਚੌਕਸੀ ਵਜੋਂ ਲੋਕਾਂ ਨੂੰ ਉਬਾਲ ਕੇ ਪਾਣੀ ਪੀਣ ਲਈ ਕਿਹਾ ਗਿਆ ਹੈ।
ਜਲ ਸਪਲਾਈ ਵਿਭਾਗ ਦੇ ਐੱਸ ਡੀ ਓ ਰਕੇਸ਼ ਕੁਮਾਰ ਨੇ ਕਿਹਾ ਕਿ ਵਿਭਾਗ ਵੱਲੋਂ ਪਹਿਲਾਂ ਹੀ ਪਾਣੀ ਦੀ ਕਲੋਰੀਨੇਸ਼ਨ ਕੀਤੀ ਜਾ ਰਹੀ ਹੈ। ਪਾਣੀ ਸੋਧਣ ਲਈ ਵੱਖ-ਵੱਖ ਦਵਾਈਆਂ ਵਰਤੀਆਂ ਜਾ ਰਹੀਆਂ ਹਨ। ਉਨ੍ਹਾਂ ਸਿਹਤ ਵਿਭਾਗ ਦੀ ਰਿਪੋਰਟ ’ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਸਿਹਤ ਅਧਿਕਾਰੀਆਂ ਵੱਲੋਂ ਜਲ ਸਪਲਾਈ ਸਕੀਮਾਂ ਤੋਂ ਲਏ ਨਮੂਨੇ ਸ਼ੱਕ ਦੇ ਘੇਰੇ ਵਿੱਚ ਹਨ। ਸਿਹਤ ਅਧਿਕਾਰੀਆਂ ਨੇ ਨਮੂਨੇ ਭਰਨ ਵੇਲੇ ਵਿਭਾਗੀ ਅਧਿਕਾਰੀਆਂ ਨਾਲ ਕੋਈ ਤਾਲਮੇਲ ਨਹੀਂ ਕੀਤਾ। ਜਦੋਂ ਪਾਣੀ ਪੀਣਯੋਗ ਨਾ ਹੋਣ ਦੀ ਰਿਪੋਰਟ ਸਾਹਮਣੇ ਆਈ ਤਾਂ ਜਲ ਸਪਲਾਈ ਵਿਭਾਗ ਵੱਲੋਂ ਆਪਣੇ ਪੱਧਰ ’ਤੇ ਕੀਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਪਿੰਡ ਮਹਿਤਾਬਪੁਰ ਵਿੱਚ ਜਿਨ੍ਹਾਂ ਵਿਅਕਤੀਆਂ ਦੇ ਨਾਮ ’ਤੇ ਨਮੂਨੇ ਸਿਹਤ ਅਧਿਕਾਰੀਆਂ ਨੇ ਭਰੇ ਹਨ, ਉਹ ਜ਼ਮੀਨੀ ਪੱਧਰ ’ਤੇ ਕਿੱਧਰੇ ਨਜ਼ਰ ਨਹੀਂ ਆਉਂਦੇ। ਇਸੇ ਤਰ੍ਹਾਂ ਦਾ ਮਾਮਲਾ ਦੋ ਹੋਰ ਪਿੰਡਾਂ ਦਾ ਹੈ। ਇਸ ਲਈ ਜਲ ਸਪਲਾਈ ਵਿਭਾਗ ਨੇ ਆਪਣੇ ਪੱਧਰ ’ਤੇ ਮੁੜ ਨਮੂਨੇ ਭਰ ਕੇ ਵਿਭਾਗੀ ਲੈਬਾਰਟਰੀ ਨੂੰ ਭੇਜੇ ਹਨ। ਜਾਂਚ ਅਥਾਰਿਟੀ ਵੱਲੋਂ ਮੁੜ ਨਮੂਨੇ ਭਰਨ ਦੀਆਂ ਹਦਾਇਤਾਂ ਵੀ ਸਿਹਤ ਅਧਿਕਾਰੀਆਂ ਦੀ ਕਥਿਤ ਅਣਗਹਿਲੀ ਨੂੰ ਦਰਸਾਉਂਦੀਆਂ ਹਨ।