ਵਾਰਿਸ ਪੰਜਾਬ ਦੇ ਜਥੇਬੰਦੀ ਵੱਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਪੈਦਲ ਮਾਰਚ ਆਰੰਭ
ਵਾਰਿਸ ਪੰਜਾਬ ਦੇ ਜਥੇਬੰਦੀ ਵੱਲੋਂ ਪੰਜਾਬ ਦੇ ਹੱਕਾਂ ਅਤੇ ਖ਼ੁਦਮੁਖਤਿਆਰੀ ਲਈ ਅੱਜ ਇੱਕ ਪੈਦਲ ਮਾਰਚ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਅਰਦਾਸ ਕਰਕੇ ਸ੍ਰੀ ਅਨੰਦਪੁਰ ਸਾਹਿਬ ਲਈ ਸ਼ੁਰੂ ਕੀਤਾ ਗਿਆ। ਜੋ ਵੱਖ-ਵੱਖ ਪੜਾਵਾਂ ਤੋਂ ਦੀ ਗੁਜ਼ਰਦਾ ਹੋਇਆ 10 ਦਸੰਬਰ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਦਾ ਕੇ ਸਮਾਪਤ ਹੋਵੇਗਾ।
ਇਸ ਮਾਰਚ ਦੀ ਆਰੰਭਿਕ ਅਰਦਾਸ ਬਾਬਾ ਰਾਮ ਸਿੰਘ ਸੰਗਰਾਵਾਂ ( ਦਮਦਮੀ ਟਕਸਾਲ) ਨੇ ਕੀਤੀ। ਮਾਰਚ ਦੇ ਚੱਲਣ ਤੋਂ ਪਹਿਲਾਂ ਵਾਰਿਸ ਪੰਜਾਬ ਦੇ ਮਨਦੀਪ ਸਿੰਘ ਸਿੱਧੂ (ਭਰਾ ਦੀਪ ਸਿੱਧੂ) ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਹੱਕਾਂ ਅਤੇ ਖ਼ੁਦਮੁਖਤਿਆਰੀ ਲਈ ਆਵਾਜ਼ ਬੁਲੰਦ ਕਰਨ ਵਾਸਤੇ ਇਹ ਮਾਰਚ ਕੱਢਿਆ ਜਾ ਰਿਹਾ ਹੈ। ਈਮਾਨ ਸਿੰਘ ਮਾਨ ਕਾਰਜਕਾਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅ) ਨੇ ਕਿਹਾ ਕਿ ਭਾਈ ਜਸਵੰਤ ਸਿੰਘ ਖਾਲੜਾ ਦੀ ਰਿਪੋਰਟ ਅਨੁਸਾਰ ਹਜ਼ਾਰਾਂ ਲਾਵਾਰਸ ਲਾਸ਼ਾਂ, ਜੂਨ 1984ਦੇ ਘੱਲੂਘਾਰੇ ਦੌਰਾਨ ਬੇਕਸੂਰ ਸ਼ਹੀਦ ਕੀਤੇ ਲੋਕਾਂ ਅਤੇ ਨਵੰਬਰ 1984 ਦੌਰਾਨ ਸਿੱਖ ਕਤਲੇਆਮ ਦਾ ਅਜੇ ਤੱਕ ਇਨਸਾਫ ਨਹੀਂ ਮਿਲਿਆ। ਸੋ ਅਜਿਹੇ ਵਾਪਰੇ ਕਾਰੇ ਦੇ ਸਬੰਧ ਵਿੱਚ ਆਵਾਜ਼ ਉਠਾਉਣ ਲਈ ਅਜਿਹੇ ਮਾਰਚ ਕੱਢਣੇ ਜ਼ਰੂਰੀ ਹਨ।
