ਯੁੱਧ ਨਸ਼ਿਆਂ ਵਿਰੁੱਧ: ਪੰਜਾਬ ਵਿੱਚ 306 ਥਾਈਂ ਛਾਪੇ; 67 ਤਸਕਰ ਕਾਬੂ
ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਸ਼ੁਰੂ ਵਿਸ਼ੇਸ਼ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਅੱਜ ਲਗਾਤਾਰ 232ਵੇਂ ਦਿਨ ਪੰਜਾਬ ਪੁਲੀਸ ਵੱਲੋਂ ਸੂਬੇ ’ਚ 306 ਥਾਵਾਂ ’ਤੇ ਛਾਪੇ ਮਾਰ ਕੇ 67 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲੀਸ ਨੇ ਨਸ਼ਾ ਤਸਕਰਾਂ ਕੋਲੋਂ 561 ਗ੍ਰਾਮ ਹੈਰੋਇਨ, 1.1 ਕਿਲੋ ਅਫੀਮ, 1229 ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਅਤੇ 6360 ਰੁਪਏ ਡਰੱਗ ਮਨੀ ਬਰਾਮਦ ਕੀਤੀ ਹੈ। ਪੁਲੀਸ ਨੇ ਇਨ੍ਹਾਂ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਅੱਜ ਪੰਜਾਬ ਪੁਲੀਸ ਦੇ 57 ਗਜ਼ਟਿਡ ਅਧਿਕਾਰੀਆਂ ਦੀ ਨਿਗਰਾਨੀ ਹੇਠ 800 ਤੋਂ ਵੱਧ ਪੁਲੀਸ ਮੁਲਾਜ਼ਮਾਂ ਦੀਆਂ 100 ਤੋਂ ਵੱਧ ਪੁਲੀਸ ਟੀਮਾਂ ਨੇ ਸੂਬੇ ਭਰ ’ਚ 306 ਥਾਵਾਂ ’ਤੇ ਛਾਪੇ ਮਾਰੇ। ਇਸ ਦੌਰਾਨ ਪੁਲੀਸ ਨੇ 332 ਮਸ਼ਕੂਕਾਂ ਦੀ ਤਲਾਸ਼ੀ ਲਈ, ਜਿਨ੍ਹਾਂ ’ਚੋਂ 67 ਜਣਿਆਂ ਨੂੰ ਨਸ਼ੀਲੇ ਪਦਾਰਥਾਂ ਸਣੇ ਕਾਬੂ ਕੀਤਾ ਗਿਆ। ਇਸ ਦੇ ਨਾਲ ਹੀ ਪੁਲੀਸ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਦੇ ਦਲਦਲ ’ਚੋਂ ਬਾਹਰ ਕੱਢਣ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਅੱਜ ਪੰਜਾਬ ਭਰ ਵਿੱਚ 23 ਨੌਜਵਾਨਾਂ ਨੂੰ ਨਸ਼ੇ ਛੱਡਣ ਲਈ ਰਾਜ਼ੀ ਕਰਕੇ ਇਲਾਜ ਕਰਵਾਉਣ ਲਈ ਪ੍ਰੇਰਿਤ ਕੀਤਾ ਗਿਆ। ਪੰਜਾਬ ਪੁਲੀਸ ਦੇ ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਸੂਬੇ ਨੂੰ ਪੂਰੀ ਤਰ੍ਹਾਂ ਨਸ਼ਾ-ਮੁਕਤ ਬਣਾਉਣ ਤੱਕ ਇਹ ਮੁਹਿੰਮ ਜਾਰੀ ਰਹੇਗੀ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦੇ ਆਲੇ-ਦੁਆਲੇ ਕੋਈ ਵਿਅਕਤੀ ਨਸ਼ਾ ਤਸਕਰੀ ਕਰਦਾ ਹੈ, ਤਾਂ ਉਸ ਦੀ ਜਾਣਕਾਰੀ ਤੁਰੰਤ ਪੁਲੀਸ ਨੂੰ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਦਿੱਤੀ ਗਈ ਸੂਚਨਾ ਦੀ ਜਾਣਕਾਰੀ ਗੁਪਤ ਰੱਖੀ ਜਾਵੇਗੀ।