ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜ਼ਿਲ੍ਹਾ ਪਰਿਸ਼ਦ ਤੇ ਸਮਿਤੀ ਚੋਣਾਂ ਲਈ ਵੋਟਾਂ ਅੱਜ

ਚੋਣ ਕਮਿਸ਼ਨ ਵੱਲੋਂ ਪ੍ਰਬੰਧ ਮੁਕੰਮਲ; ਪੋਲਿੰਗ ਪਾਰਟੀਆਂ ਬੂਥਾਂ ’ਤੇ ਪਹੁੰਚੀਆਂ; 44 ਹਜ਼ਾਰ ਤੋਂ ਵੱਧ ਪੁਲੀਸ ਮੁਲਾਜ਼ਮ ਤਾਇਨਾਤ; ਚੋਣਾਂ ਦੇ ਨਤੀਜੇ 17 ਨੂੰ
ਪੰਜਾਬ ਵਿੱਚ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਦੀਆਂ ਚੋਣਾਂ ਤੋਂ ਇਕ ਦਿਨ ਪਹਿਲਾਂ ਜਲੰਧਰ ਵਿੱਚ ਸ਼ਨਿਚਰਵਾਰ ਨੂੰ ਚੋਣ ਅਮਲਾ ਪੋਲਿੰਗ ਬੂਥਾਂ ਲਈ ਰਵਾਨਾ ਹੁੰਦਾ ਹੋਇਆ। -ਫੋਟੋ: ਮਲਕੀਅਤ ਸਿੰਘ
Advertisement

ਪੰਜਾਬ ਵਿੱਚ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਦੀਆਂ ਚੋਣਾਂ ਲਈ ਵੋਟਿੰਗ ਭਲਕੇ 14 ਦਸੰਬਰ ਨੂੰ ਸਵੇਰੇ 8 ਤੋਂ ਸ਼ਾਮ 4 ਵਜੇ ਤੱਕ ਹੋਵੇਗੀ ਅਤੇ ਚੋਣ ਨਤੀਜੇ 17 ਦਸੰਬਰ ਨੂੰ ਐਲਾਨੇ ਜਾਣਗੇ। ਪੰਜਾਬ ਰਾਜ ਚੋਣ ਕਮਿਸ਼ਨ ਨੇ ਚੋਣਾਂ ਲਈ ਪ੍ਰਬੰਧ ਮੁਕੰਮਲ ਕਰ ਲਏ ਹਨ। ਚੋਣ ਅਮਲਾ ਅੱਜ ਆਪੋ-ਆਪਣੇ ਬੂਥਾਂ ’ਤੇ ਪਹੁੰਚ ਗਿਆ ਹੈ। ਚੋਣ ਕਮਿਸ਼ਨ ਨੇ ਵੋਟਿੰਗ ਮਗਰੋਂ ਬੈਲੇਟ ਪੇਪਰਾਂ ਦੀ ਸੁਰੱਖਿਆ ਲਈ ਵੀ ਰਣਨੀਤੀ ਘੜੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਸੂਬੇ ਵਿੱਚ 23 ਜ਼ਿਲ੍ਹਾ ਪਰਿਸ਼ਦਾਂ ਦੇ 347 ਜ਼ੋਨਾਂ ਅਤੇ 153 ਪੰਚਾਇਤ ਸਮਿਤੀਆਂ ਦੇ 2,838 ਜ਼ੋਨਾਂ ਲਈ ਵੋਟਿੰਗ ਲਈ 13,395 ਪੋਲਿੰਗ ਸਟੇਸ਼ਨਾਂ ’ਤੇ 18,718 ਪੋਲਿੰਗ ਬੂਥ ਸਥਾਪਤ ਕੀਤੇ ਗਏ ਹਨ। ਸੂਬੇ ਦੇ 1,36,04,650 ਵੋਟਰ ਆਪਣੇ ਹੱਕ ਦੀ ਵਰਤੋਂ ਕਰਨਗੇ। 860 ਪੋਲਿੰਗ ਸਟੇਸ਼ਨ ਅਤਿ-ਸੰਵੇਦਨਸ਼ੀਲ ਅਤੇ 3,405 ਸੰਵੇਦਨਸ਼ੀਲ ਐਲਾਨੇ ਗਏ ਹਨ। ਪੰਜਾਬ ਰਾਜ ਚੋਣ ਕਮਿਸ਼ਨ ਨੇ ਚੋਣ ਅਮਲ ਪਾਰਦਸ਼ੀ, ਨਿਰਪੱਖ ਅਤੇ ਸ਼ਾਂਤਮਈ ਢੰਗ ਨਾਲ ਨੇਪਰੇ ਚਾੜ੍ਹਨ ਲਈ 44 ਹਜ਼ਾਰ ਤੋਂ ਵੱਧ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਹਨ, ਜਿਨ੍ਹਾਂ ਅੱਜ ਹੀ ਪੋਲਿੰਗ ਸਟੇਸ਼ਨਾਂ ’ਤੇ ਸਖ਼ਤ ਸੁਰੱਖਿਆ ਪ੍ਰਬੰਧ ਕਰ ਦਿੱਤੇ ਹਨ। ਇਸ ਤੋਂ ਇਲਾਵਾ ਸੂਬੇ ਭਰ ਦੇ ਵੱਖ ਵੱਖ ਥਾਣਿਆਂ ਦੀ ਪੁਲੀਸ ਵੀ ਆਪੋ-ਆਪਣੇ ਥਾਣੇ ਅਧੀਨ ਪੈਂਦੇ ਇਲਾਕਿਆਂ ’ਚ ਫਲੈਗ ਮਾਰਚ ਕੱਢ ਰਹੀ ਹੈ।

Advertisement

ਰਾਜ ਚੋਣ ਕਮਿਸ਼ਨ ਨੇ ਆਬਜ਼ਵਰ ਵੀ ਤਾਇਨਾਤ ਕੀਤੇ ਹਨ, ਜਿਨ੍ਹਾਂ ਵੱਖ ਵੱਖ ਜ਼ਿਲ੍ਹਿਆਂ ਵਿੱਚ ਚੋਣ ਪ੍ਰਬੰਧਾਂ ਦਾ ਜਾਇਜ਼ਾ ਲਿਆ ਹੈ। ਪੰਜਾਬ ਭਰ ਵਿੱਚ ਪੋਲਿੰਗ ਸਟੇਸ਼ਨਾਂ ’ਤੇ ਵੀਡੀਓਗ੍ਰਾਫ਼ੀ ਵੀ ਕਰਵਾਈ ਜਾ ਰਹੀ ਹੈ। ਜ਼ਿਲ੍ਹਾ ਪਰਿਸ਼ਦ ਦੇ 347 ਜ਼ੋਨਾਂ ਵਿੱਚ 1,249 ਉਮੀਦਵਾਰ ਮੈਦਾਨ ਵਿੱਚ ਹਨ ਅਤੇ 15 ਉਮੀਦਵਾਰ ਬਿਨਾਂ ਮੁਕਾਬਲੇ ਜੇਤੂ ਕਰਾਰ ਦਿੱਤੇ ਗਏ ਹਨ। ਪੰਚਾਇਤ ਸਮਿਤੀ ਦੇ 2,838 ਜ਼ੋਨਾਂ ਵਿੱਚ 8,098 ਉਮੀਦਵਾਰ ਮੈਦਾਨ ਵਿੱਚ ਹਨ, ਜਦਕਿ 181 ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਕਰਾਰ ਦਿੱਤੇ ਗਏ ਹਨ।

ਵਿਰੋਧੀ ਧਿਰ ਨੇ ਪਹਿਲਾਂ ਹੀ ਹਾਰ ਮੰਨੀ: ਮਾਨ

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਰਿਸ਼ਦ ਅਤੇ ਸਮਿਤੀ ਚੋਣਾਂ ਲਈ ਵੋਟਿੰਗ ਤੋਂ ਇਕ ਦਿਨ ਪਹਿਲਾਂ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਸਣੇ ਹੋਰ ਪਾਰਟੀਆਂ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਵਿਰੋਧੀ ਪਾਰਟੀਆਂ ਪਹਿਲਾਂ ਹੀ ਹਾਰ ਮੰਨ ਚੁੱਕੀਆਂ ਹਨ। ਇਸੇ ਕਰਕੇ ਉਹ ‘ਆਪ’ ’ਤੇ ਦੋਸ਼ ਲਗਾ ਰਹੀਆਂ ਹਨ। ਮੁੱਖ ਮੰਤਰੀ ਨੇ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਨੇ ਕਈ ਥਾਵਾਂ ’ਤੇ ਅੰਦਰ ਖਾਤੇ ਮਿਲੀਭੁਗਤ ਕਰ ਲਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਰਹੇ ਚਰਨਜੀਤ ਸਿੰਘ ਚੰਨੀ ਨੇ ਲੰਘੇ ਦਿਨ ਬਿਆਨ ਦਿੱਤਾ ਸੀ ਕਿ ‘ਆਪ’ ਨੇ ਚੋਣਾਂ ਦੌਰਾਨ ਹਰ ਬੂਥ ’ਤੇ 100-100 ਬੈਲੇਟ ਪੇਪਰ ਅਜਿਹੇ ਛਪਵਾ ਲਏ ਹਨ, ਜਿਸ ’ਤੇ ਪਹਿਲਾਂ ਹੀ ਝਾੜੂ ਦੇ ਨਿਸ਼ਾਨ ’ਤੇ ਮੋਹਰਾਂ ਲੱਗੀਆਂ ਹੋਈਆਂ ਹਨ। ਉਨ੍ਹਾਂ ਸ੍ਰੀ ਚੰਨੀ ਨੂੂੰ ਚਿਤਾਵਨੀ ਦਿੱਤੀ ਕਿ ਉਹ ਬੇਬੁਨਿਆਦ ਦੋਸ਼ਾਂ ਨੂੰ ਸਾਬਤ ਕਰਨ ਤੇ ਵਾਧੂ ਬੈਲੇਟ ਪੇਪਰ ਜਨਤਕ ਕਰਨ। ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਨੂੰ ਚੋਣਾਂ ਲੜਾਉਣ ਲਈ ਬੰਦੇ ਨਹੀਂ ਲੱਭ ਰਹੇ। ਇਸੇ ਕਰਕੇ ਉਹ ਸੱਤਾਧਾਰੀ ਧਿਰ ’ਤੇ ਦੋਸ਼ ਲਗਾ ਰਹੇ ਹਨ। ਕਾਂਗਰਸ ਪਾਰਟੀ ਆਪਣੀ ਅੰਦਰੂਨੀ ਫੁੱਟ ਕਰਕੇ ਦੇਸ਼ ਵਿੱਚ ਇਕ ਤੋਂ ਬਾਅਦ ਇਕ ਚੋਣ ਹਾਰਦੀ ਜਾ ਰਹੀ ਹੈ ਪਰ ਉਹ ਆਪਣੀ ਹਾਰ ਦੇ ਕਾਰਨਾਂ ਦੀ ਸਮੀਖਿਆ ਕਰਨ ਦੀ ਥਾਂ ਦੂਜਿਆਂ ਸਿਰ ਦੋਸ਼ ਮੜ੍ਹਨ ’ਤੇ ਲੱਗੀ ਹੋਈ ਹੈ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਉਹ ਆਪਣੀ ਸੱਤਾ ਦੌਰਾਨ ਕਦੇ ਲੋਕਾਂ ਵਿੱਚ ਵਿਚਰੇ ਨਹੀਂ ਸਨ ਤੇ ਹੁਣ ਜ਼ਿਲ੍ਹਾ ਪਰਿਸ਼ਦ ਚੋਣਾਂ ਲਈ ਪ੍ਰਚਾਰ ਕਰਨ ਲੱਗੇ ਹਨ। ਅਕਾਲੀ ਦਲ ਵੱਲੋਂ ਗੈਂਗਸਟਰਾਂ ਜਾਂ ਗੈਂਗਸਟਰਾਂ ਦੇ ਕਰੀਬੀਆਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਜਾ ਰਿਹਾ ਹੈ।

Advertisement
Show comments