ਤਰਨ ਤਾਰਨ ਜ਼ਿਮਨੀ ਚੋਣ ਲਈ ਵੋਟਾਂ ਅੱਜ
ਚੋਣ ਕਮਿਸ਼ਨ ਅਨੁਸਾਰ ਹਲਕਾ ਤਰਨ ਤਾਰਨ ’ਚ 114 ਥਾਵਾਂ ’ਤੇ 222 ਪੋਲਿੰਗ ਬੂਥ ਬਣਾਏ ਗਏ ਹਨ ਜਿਨ੍ਹਾਂ ’ਚੋਂ ਚਾਰ ਮਾਡਲ ਪੋਲਿੰਗ ਬੂਥ ਵੀ ਹਨ। ਜ਼ਿਲ੍ਹਾ ਚੋਣ ਅਧਿਕਾਰੀ ਰਾਹੁਲ ਨੇ ਦੱਸਿਆ ਕਿ ਦਿਵਿਆਂਗ ਅਤੇ ਬਜ਼ੁਰਗ ਵੋਟਰਾਂ ਦੀ ਮਦਦ ਲਈ ਹਰ ਪੋਲਿੰਗ ਬੂਥ ’ਤੇ ਵਾਲੰਟੀਅਰ ਤਾਇਨਾਤ ਕੀਤੇ ਗਏ ਹਨ। ਵੋਟਾਂ ਲਈ ਪ੍ਰਬੰਧ ਮੁਕੰਮਲ ਕਰ ਲਏ ਹਨ। ਸਾਰੇ ਪੋਲਿੰਗ ਸਟੇਸ਼ਨਾਂ ’ਤੇ ਸੀ ਸੀ ਟੀ ਵੀ ਕੈਮਰਿਆਂ ਅਤੇ ਵੈਬਕਾਸਟਿੰਗ ਦਾ ਪ੍ਰਬੰਧ ਹੋਵੇਗਾ।
ਚੋਣ ਕਮਿਸ਼ਨ ਨੇ ਇਸ ਉਪ ਚੋਣ ਲਈ ਕੇਂਦਰੀ ਬਲਾਂ ਦੀਆਂ ਦਰਜਨ ਕੰਪਨੀਆਂ ਤਾਇਨਾਤ ਕੀਤੀਆਂ ਹਨ। ਤਰਨ ਤਾਰਨ ਹਲਕੇ ’ਚ ਕੁੱਲ 1,92,838 ਵੋਟਰ ਹਨ ਜਿਨ੍ਹਾਂ ’ਚ 1,00,933 ਪੁਰਸ਼ ਅਤੇ 91,897 ਔਰਤਾਂ ਹਨ। ਅੱਠ ਵੋਟਰ ਤੀਜੇ ਲਿੰਗਕ ਵਰਗ ਨਾਲ ਸਬੰਧਤ ਹਨ। ਪੰਜਾਬ ਸਰਕਾਰ ਨੇ ਜ਼ਿਮਨੀ ਚੋਣ ਦੇ ਮੱਦੇਨਜ਼ਰ 11 ਨਵੰਬਰ ਨੂੰ ਹਲਕਾ ਤਰਨ ਤਾਰਨ ’ਚ ਛੁੱਟੀ ਦਾ ਐਲਾਨ ਕੀਤਾ ਹੈ। ‘ਆਪ’ ਉਮੀਦਵਾਰ ਹਰਮੀਤ ਸਿੰਘ ਸੰਧੂ, ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ, ਕਾਂਗਰਸ ਦਾ ਉਮੀਦਵਾਰ ਕਰਨ ਬੀਰ ਸਿੰਘ, ਭਾਜਪਾ ਉਮੀਦਵਾਰ ਹਰਜੀਤ ਸਿੰਘ ਸੰਧੂ ਅਤੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਉਮੀਦਵਾਰ ਮਨਦੀਪ ਸਿੰਘ ਦੀ ਕਿਸਮਤ ਦਾ ਫ਼ੈਸਲਾ ਭਲਕੇ ਵੋਟਰ ਕਰਨਗੇ।
