ਵਾਇਰਲ ਆਡੀਓ: ਅਕਾਲੀ ਆਗੂ ਪੁਲੀਸ ਅੱਗੇ ਪੇਸ਼
ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀ ਚੋਣਾਂ ਦੌਰਾਨ ਪਟਿਆਲਾ ਪੁਲੀਸ ਨਾਲ ਸਬੰਧਤ ਵਾਇਰਲ ਹੋਈ ਵਿਵਾਦਤ ਆਡੀਓ ਕਲਿਪ ਦੇ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਲੀਗਲ ਸੈੱਲ ਦੇ ਪ੍ਰਧਾਨ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਅੱਜ ਚੰਡੀਗੜ੍ਹ ਸਥਿਤ ਪੰਜਾਬ ਪੁਲੀਸ ਹੈੱਡਕੁਆਰਟਰ ਵਿੱਚ ਏ ਡੀ ਜੀ ਪੀ (ਕਾਨੂੰਨ ਤੇ ਵਿਵਸਥਾ) ਐੱਸ ਪੀ ਐੱਸ ਪਰਮਾਰ ਅੱਗੇ ਪੇਸ਼ ਹੋਏ। ਉਨ੍ਹਾਂ ਅਧਿਕਾਰੀ ਨੂੰ ਕਲਿਪ ਦੀ ਪੈਨਡਰਾਈਵ ਸੌਂਪਦਿਆਂ ਇਸ ਦੀ ਜਾਂਚ ਪੰਜਾਬ ਤੋਂ ਬਾਹਰ ਕਿਸੇ ਕੇਂਦਰੀ ਫੋਰੈਂਸਿਕ ਸਾਇੰਸ ਲੈਬਾਰਟਰੀ (ਸੀ ਐੱਫ ਐੱਸ ਐੱਲ) ਤੋਂ ਕਰਵਾਉਣ ਦੀ ਮੰਗ ਕੀਤੀ ਤਾਂ ਜੋ ਸਪੱਸ਼ਟ ਹੋ ਸਕੇ ਕਿ ਇਹ ਅਸਲੀ ਹੈ ਪੁਲੀਸ ਦੇ ਦਾਅਵੇ ਅਨੁਸਾਰ ਜਾਂ ਏ ਆਈ ਰਾਹੀਂ ਤਿਆਰ ਕੀਤੀ ਗਈ ਹੈ। ਉਨ੍ਹਾਂ ਨੇ ਚੋਣਾਂ ਦੌਰਾਨ ਵਿਰੋਧੀ ਧਿਰਾਂ ਨਾਲ ਧੱਕੇਸ਼ਾਹੀ ਕਰਨ ਵਾਲੇ ਪੁਲੀਸ ਅਧਿਕਾਰੀਆਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਵੀ ਕੀਤੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਕਲੇਰ ਨੇ ਦੱਸਿਆ ਕਿ ਪੁਲੀਸ ਨੇ ਬੀ ਐੱਨ ਐੱਸ ਦੀ ਧਾਰਾ 94 ਤਹਿਤ ਸੁਖਬੀਰ ਸਿੰਘ ਬਾਦਲ, ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਸ਼੍ਰੋਮਣੀ ਕਮੇਟੀ ਮੈਂਬਰ ਝੱਬਰ ਅਤੇ ਹਰਵਿੰਦਰ ਸਿੱਧੂ ਨੂੰ ਨੋਟਿਸ ਜਾਰੀ ਕੀਤੇ ਸਨ। ਕਾਨੂੰਨ ਮੁਤਾਬਕ ਕੋਈ ਵੀ ਵਿਅਕਤੀ ਆ ਕੇ ਸਾਰਿਆਂ ਵੱਲੋਂ ਜਵਾਬ ਦਾਇਰ ਕਰ ਸਕਦਾ ਹੈ, ਇਸ ਲਈ ਅੱਜ ਉਨ੍ਹਾਂ ਨੇ ਪਾਰਟੀ ਪ੍ਰਧਾਨ ਅਤੇ ਹੋਰ ਆਗੂਆਂ ਵੱਲੋਂ ਵੀ ਜਵਾਬ ਦਾਇਰ ਕਰ ਦਿੱਤਾ ਹੈ। ਅਕਾਲੀ ਆਗੂ ਨੇ ਸੂਬਾ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀ ਚੋਣਾਂ ਵਿੱਚ ਪੁਲੀਸ ਨੇ ਸਰਕਾਰ ਦੇ ਇਸ਼ਾਰੇ ’ਤੇ ਵਿਰੋਧੀ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਰੋਕਿਆ। ਪਟਿਆਲਾ ਦੇ ਐੱਸ ਐੱਸ ਪੀ ਦੀ ਵਾਇਰਲ ਆਡੀਓ ਇਸ ਧੱਕੇਸ਼ਾਹੀ ਦਾ ਸਬੂਤ ਹੈ। ਐਡਵੋਕੇਟ ਕਲੇਰ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਪੁਲੀਸ ਨੇ ਅਕਾਲੀ ਆਗੂਆਂ ਨੂੰ ਤਾਂ ਤਲਬ ਕਰ ਲਿਆ, ਪਰ ਜਿਸ ਅਧਿਕਾਰੀ ਦੀ ਆਵਾਜ਼ ਇਸ ਆਡੀਓ ਵਿੱਚ ਸੁਣਾਈ ਦੇ ਰਹੀ ਹੈ, ਉਸ ਨੂੰ ਹਾਲੇ ਤੱਕ ਪੁੱਛ-ਪੜਤਾਲ ਲਈ ਨਹੀਂ ਸੱਦਿਆ ਗਿਆ। ਐਡਵੋਕੇਟ ਕਲੇਰ ਨੇ ਦੱਸਿਆ ਕਿ ਪਾਰਟੀ ਨੇ ਪੰਜਾਬ ਰਾਜ ਚੋਣ ਕਮਿਸ਼ਨ ਨੂੰ ਇਸ ਸਬੰਧੀ ਸ਼ਿਕਾਇਤ ਕੀਤੀ ਹੈ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਵੀ ਖੜਕਾਇਆ ਹੈ। ਉਨ੍ਹਾਂ ਚੁਣੌਤੀ ਦਿੱਤੀ ਕਿ ਜੇ ਪਟਿਆਲਾ ਪੁਲੀਸ ਦੇ ਡੀ ਆਈ ਜੀ ਦਾਅਵਾ ਕਰਦੇ ਹਨ ਕਿ ਆਡੀਓ ਫਰਜ਼ੀ ਹੈ ਤਾਂ ਉਹ ਹਾਈ ਕੋਰਟ ਵਿੱਚ ਹਲਫ਼ਨਾਮਾ ਦਾਇਰ ਕਰਨ ਤਾਂ ਜੋ ਅਦਾਲਤ ਇਸ ਦੀ ਨਿਰਪੱਖ ਜਾਂਚ ਕਰਵਾ ਸਕੇ। ਜ਼ਿਕਰਯੋਗ ਹੈ ਕਿ 4 ਦਸੰਬਰ ਨੂੰ ਨਾਮਜ਼ਦਗੀਆਂ ਭਰਨ ਦੇ ਆਖਰੀ ਦਿਨ ਸੁਖਬੀਰ ਸਿੰਘ ਬਾਦਲ ਨੇ ਸੋਸ਼ਲ ਮੀਡੀਆ ’ਤੇ ਆਡੀਓ ਕਲਿਪ ਜਾਰੀ ਕੀਤੀ ਸੀ, ਜਿਸ ਵਿੱਚ ਕਥਿਤ ਤੌਰ ’ਤੇ ਪੁਲੀਸ ਅਧਿਕਾਰੀ ਵਿਰੋਧੀ ਉਮੀਦਵਾਰਾਂ ਨੂੰ ਰੋਕਣ ਦੀ ਵਿਉਂਤਬੰਦੀ ਬਣਾ ਰਹੇ ਸਨ।
