ਪਿੰਡ ਤਿੱਬੜ ਵਾਸੀਆਂ ਵੱਲੋਂ ‘ਆਪ’ ਦੇ ਬਾਈਕਾਟ ਦਾ ਐਲਾਨ
ਲੈਂਡ ਪੂਲਿੰਗ ਨੀਤੀ ਤੇ ਚਿੱਪ ਵਾਲੇ ਮੀਟਰਾਂ ਦਾ ਫ਼ੈਸਲਾ ਵਾਪਸ ਲੈਣ ਦੀ ਮੰਗ; ਪਿੰਡ ’ਚ ਪੰਜਾਬ ਸਰਕਾਰ ਖ਼ਿਲਾਫ਼ ਫਲੈਕਸ ਲਾਏ
Advertisement
ਇੱਥੇ ਪਿੰਡ ਤਿੱਬੜ ਵਿੱਚ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਬੁਰਜ ਸਾਹਿਬ, ਜਮਹੂਰੀ ਕਿਸਾਨ ਸਭਾ ਦੇ ਆਗੂਆਂ ਅਤੇ ਪਿੰਡ ਦੀ ਪੰਚਾਇਤ ਵੱਲੋਂ ਸੂਬਾ ਸਰਕਾਰ ਦੀਆਂ ਕਿਸਾਨ-ਮਜ਼ਦੂਰ ਮਾਰੂ ਨੀਤੀਆਂ ਵਿਰੁੱਧ ਮੁਜ਼ਾਹਰਾ ਕੀਤਾ ਗਿਆ। ਪਿੰਡ ਵਿੱਚੋਂ ਲੰਘਦੀ ਮੁੱਖ ਸੜਕ ਦੇ ਦੋਵੇਂ ਪਾਸੇ ਸਰਕਾਰ ਵਿਰੋਧੀ ਫਲੈਕਸ ਲਾਏ ਗਏ ਹਨ। ਇਨ੍ਹਾਂ ਫਲੈਕਸਾਂ ’ਤੇ ਲੈਂਡ ਪੂਲਿੰਗ ਨੀਤੀ, ਚਿੱਪ ਵਾਲੇ ਮੀਟਰਾਂ, ਦਿੱਲੀ-ਜੰਮੂ ਕੱਟੜਾ ਐਕਸਪ੍ਰੈੱਸ ਦੀ ਬਕਾਇਆ ਰਾਸ਼ੀ ਦੀ ਮੰਗ, ਝੋਨੇ ਦੇ ਸੀਜ਼ਨ ਦੌਰਾਨ ਲੱਗਣ ਵਾਲੇ ਕੱਟਾਂ ਦਾ ਵਿਰੋਧ ਤੇ ਗੰਨੇ ਦੀ ਬਕਾਇਆ ਰਾਸ਼ੀ ਦੇਣ ਦੀ ਮੰਗ ਕੀਤੀ ਗਈ ਹੈ। ਕਮੇਟੀ ਦੇ ਜ਼ੋਨ ਬੁਰਜ ਸਾਹਿਬ ਦੇ ਪ੍ਰਧਾਨ ਹਰਚਰਨ ਸਿੰਘ ਧਾਰੀਵਾਲ ਕਲਾਂ, ਸਕੱਤਰ ਸਤਨਾਮ ਸਿੰਘ ਖਾਨਮਲਕ ਅਤੇ ਜਮਹੂਰੀ ਕਿਸਾਨ ਸਭਾ ਦੇ ਤਹਿਸੀਲ ਪ੍ਰਧਾਨ ਮੱਖਣ ਸਿੰਘ ਨੇ ਕਿਹਾ ਕਿ ਜਦੋਂ ਤੱਕ ਮੌਜੂਦਾ ਪੰਜਾਬ ਸਰਕਾਰ ਲੈਂਡ ਪੂਲਿੰਗ ਨੀਤੀ ਅਤੇ ਚਿੱਪ ਵਾਲੇ ਮੀਟਰ ਦਾ ਫ਼ੈਸਲਾ ਵਾਪਸ ਨਹੀਂ ਲੈਂਦੀ, ਉਦੋਂ ਤੱਕ ਪਿੰਡ ਤਿੱਬੜ ਦੇ ਕਿਸਾਨਾਂ-ਮਜ਼ਦੂਰਾਂ ਵੱਲੋਂ ਮੌਜੂਦਾ ਸਰਕਾਰ ਦਾ ਵਿਰੋਧ ਜਾਰੀ ਰਹੇਗਾ ਤੇ ‘ਆਪ’ ਦਾ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਇਕਾਈ ਤਿੱਬੜ ਦੇ ਆਗੂ ਕੁਲਵਿੰਦਰ ਸਿੰਘ ਨੱਤ, ਪ੍ਰਧਾਨ ਮੱਖਣ ਸਿੰਘ, ਕਿਸਾਨ ਆਗੂ ਪਰਮਿੰਦਰ ਸਿੰਘ ਤਿੱਬੜ, ਦਿਲਬਾਗ ਸਿੰਘ, ਸੁਖਬੀਰ ਸਿੰਘ, ਬਲਜੀਤ ਸਿੰਘ, ਪ੍ਰਿਤਪਾਲ ਸਿੰਘ, ਪੰਚ ਨਿਰਮਲ ਸਿੰਘ, ਪੰਚਾਇਤ ਮੈਂਬਰ ਸੁਨੀਲ ਕੁਮਾਰ, ਅਮਰੀਕ ਸਿੰਘ, ਬਿਕਰਮਜੀਤ ਸਿੰਘ, ਧਰਮਿੰਦਰ ਸਿੰਘ ਤੇ ਪੰਚ ਬਲਜੀਤ ਸਿੰਘ ਸਣੇ ਹੋਰ ਮੋਹਤਬਰ ਹਾਜ਼ਰ ਸਨ।
Advertisement
Advertisement