ਪੰਜ ਦਰਜਨ ਹਮਲਾਵਰਾਂ ਵੱਲੋਂ ਪਿੰਡ ਵਾਸੀ ਦੀ ਕੁੱਟਮਾਰ; ਇੱਕ ਹਲਾਕ, ਕਈ ਜ਼ਖਮੀ
ਮੋਗਾ ਜ਼ਿਲ੍ਹੇ ਦੇ ਬਾਘਾਪੁਰਾਣਾ ਹਲਕੇ ਦੇ ਸੁਖਾਨੰਦ ਪਿੰਡ ਵਿੱਚ ਪੰਜ ਦਰਜਨ ਜਣਿਆਂ ਨੇ ਪੁਰਾਣੇ ਵਿਵਾਦ ਕਾਰਨ ਪਿੰਡ ਵਾਸੀ ’ਤੇ ਹਮਲਾ ਕੀਤਾ ਜਿਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਉਸ ਦੇ ਦੋ ਪੁੱਤਰ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਇਹ ਸਾਰਾ ਘਟਨਾਕ੍ਰਮ ਪਿੰਡ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਿਆ। ਜ਼ਖਮੀਆਂ ਨੂੰ ਇਲਾਜ ਲਈ ਫਰੀਦਕੋਟ ਮੈਡੀਕਲ ਕਾਲਜ ਅਤੇ ਹਸਪਤਾਲ ਭੇਜਿਆ ਗਿਆ। ਹਮਲੇ ਵਿੱਚ ਕਈ ਹੋਰ ਪਿੰਡ ਵਾਸੀ ਵੀ ਜ਼ਖਮੀ ਹੋ ਗਏ। ਮ੍ਰਿਤਕ ਦੀ ਪਛਾਣ ਸਿਕੰਦਰ ਸਿੰਘ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਇਹ ਘਟਨਾ ਲੰਬੇ ਸਮੇਂ ਤੋਂ ਚੱਲ ਰਹੇ ਵਿਵਾਦ ਕਾਰਨ ਵਾਪਰੀ। ਸਿਕੰਦਰ ਸਿੰਘ ਦੀ ਰਿਸ਼ਤੇਦਾਰ ਨੂੰ ਕਥਿਤ ਤੌਰ ’ਤੇ ਉਸੇ ਪਿੰਡ ਦਾ ਇੱਕ ਨੌਜਵਾਨ ਕਾਫ਼ੀ ਸਮੇਂ ਤੋਂ ਪ੍ਰੇਸ਼ਾਨ ਕਰ ਰਿਹਾ ਸੀ। ਹਾਲਾਂਕਿ ਲਗਪਗ ਇੱਕ ਸਾਲ ਪਹਿਲਾਂ ਉਨ੍ਹਾਂ ਦਰਮਿਆਨ ਸਮਝੌਤਾ ਹੋ ਗਿਆ ਸੀ, ਜਿਸ ਵਿੱਚ ਨੌਜਵਾਨ ਨੇ ਭਰੋਸਾ ਦਿੱਤਾ ਸੀ ਕਿ ਉਹ ਲੜਕੀ ਨੂੰ ਪ੍ਰੇਸ਼ਾਨ ਨਹੀਂ ਕਰੇਗਾ ਪਰ ਉਹ ਲੜਕੀ ਨੂੰ ਪ੍ਰੇਸ਼ਾਨ ਕਰਦਾ ਰਿਹਾ।
ਬਾਘਾਪੁਰਾਣਾ ਦੇ ਡੀਐਸਪੀ ਦਲਬੀਰ ਸਿੰਘ ਨੇ ਕਿਹਾ ਕਿ ਸ਼ਿਕਾਇਤਕਰਤਾ ਹਰਜੀਤ ਸਿੰਘ ਉਰਫ਼ ਅਰਸ਼ ਨੇ ਪੁਲੀਸ ਨੂੰ ਦੱਸਿਆ ਕਿ ਜਦੋਂ ਇਹ ਘਟਨਾ ਵਾਪਰੀ ਤਾਂ ਉਹ ਕੰਮ ਤੋਂ ਘਰ ਵਾਪਸ ਆ ਰਿਹਾ ਸੀ। ਹਰਜੀਤ ਸਿੰਘ ਨੇ ਦੱਸਿਆ ਕਿ ਸਵੇਰੇ ਉਸ ਦੇ ਭਰਾ ਅਤੇ ਹਮਲਾਵਰਾਂ ਦਰਮਿਆਨ ਮਾਮੂਲੀ ਝਗੜਾ ਹੋਇਆ ਸੀ ਪਰ ਸ਼ਾਮ ਨੂੰ ਠਾਣਾ ਸਿੰਘ, ਸਿਕੰਦਰ ਸਿੰਘ, ਲਵਜਿੰਦਰ ਸਿੰਘ ਉਰਫ਼ ਲਵਲੀ, ਬੇਅੰਤ ਸਿੰਘ ਉਰਫ਼ ਸੋਨੂੰ, ਰਾਜਾ ਸਿੰਘ ਉਰਫ਼ ਵੱਟ, ਧਨੀਰਾਮ, ਬੂਟਾ ਸਿੰਘ, ਖੁਸ਼ਦੀਪ ਸਿੰਘ, ਰਮਜ਼ਾਨ, ਮੋਨੂੰ ਸਿੰਘ ਅਤੇ ਗਿੰਦਾ ਸਿੰਘ (ਇੱਕ ਕਬੱਡੀ ਖਿਡਾਰੀ) ਤੇ 8-10 ਅਣਪਛਾਤੇ ਵਿਅਕਤੀ ਹਥਿਆਰਾਂ ਨਾਲ ਲੈਸ ਹੋ ਕੇ ਆਏ। ਇਨ੍ਹਾਂ ਹਮਲਾਵਰਾਂ ਨੇ ਕਥਿਤ ਤੌਰ ’ਤੇ ਸਿਕੰਦਰ ਸਿੰਘ ਦੇ ਸਿਰ ’ਤੇ ਲੋਹੇ ਦੀਆਂ ਪਾਈਪਾਂ ਨਾਲ ਵਾਰ ਕੀਤਾ ਜਿਸ ਕਾਰਨ ਸਿਕੰਦਰ ਸਿੰਘ ਦੇ ਗੰਭੀਰ ਸੱਟਾਂ ਲੱਗੀਆਂ। ਇਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਸ਼ਿਕਾਇਤਕਰਤਾ ਹਰਜੀਤ ਸਿੰਘ ਅਤੇ ਹੋਰਾਂ ਨੂੰ ਵੀ ਹਮਲੇ ਦੌਰਾਨ ਗੰਭੀਰ ਸੱਟਾਂ ਲੱਗੀਆਂ ਹਨ।
