ਵਿਜੀਲੈਂਸ ਵੱਲੋਂ ਮੁਅੱਤਲ ਮਹਿਲਾ ਪੁਲੀਸ ਇੰਸਪੈਕਟਰ ਕੋਲੋਂ ਪੁੱਛ-ਪੜਤਾਲ
ਮਹਿੰਦਰ ਸਿੰਘ ਰੱਤੀਆਂ
ਪੰਜਾਬ ਪੁਲੀਸ ਦੀ ਕਰੋਨਾ ਵਾਰੀਅਰ ਰਹੀ ਮੁਅੱਤਲ ਮਹਿਲਾ ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ ਤੇ ਹੋਰਾਂ ਖ਼ਿਲਾਫ਼ ਥਾਣਾ ਕੋਟ ਈਸੇ ਖਾਂ ਵਿੱਚ ਪੰਜ ਲੱਖ ਰਿਸ਼ਵਤ ਲੈ ਕੇ ਅਫੀਮ ਤਸਕਰਾਂ ਨੂੰ ਛੱਡਣ ਦਾ ਮਾਮਲੇ ਦੀ ਜਾਂਚ ਹੁਣ ਵਿਜੀਲੈਂਸ ਵੱਲੋਂ ਕੀਤੀ ਜਾ ਰਹੀ ਹੈ। ਵਿਜੀਲੈਂਸ ਵੱਲੋਂ ਰਿਮਾਂਡ ਹਾਸਲ ਕਰ ਕੇ ਉਸ ਤੋਂ ਪੁੱਛ ਪੜਤਾਲ ਕੀਤੀ ਗਈ।
ਮੁਅੱਤਲ ਮਹਿਲਾ ਇੰਸਪੈਕਟਰ ਤਿੰਨ ਅਪਰਾਧਕ ਕੇਸਾਂ ਦਾ ਸਾਹਮਣਾ ਕਰ ਰਹੀ ਹੈ। ਅਰਸ਼ਪ੍ਰੀਤ ਕੌਰ ਨੇ 30 ਅਕਤੂਬਰ 2024 ਨੂੰ ਥਾਣਾ ਸਿਟੀ ਦੱਖਣੀ ’ਚ ਦਰਜ ਕੇਸ ਵਿੱਚ ਲੰਘੀ 14 ਅਕਤੂਬਰ ਨੂੰ ਸਥਾਨਕ ਅਦਾਲਤ ਅੱਗੇ ਆਤਮ ਸਮਰਪਣ ਕੀਤਾ ਸੀ। ਇਸ ਮਗਰੋਂ ਥਾਣਾ ਸਿਟੀ ਦੱਖਣੀ ਪੁਲੀਸ ਨੇ ਰਿਮਾਂਡ ਹਾਸਲ ਕਰ ਕੇ ਉਸ ਕੋਲੋਂ ਉਸ ਦੇ ਸਹੁਰੇ ਘਰ ’ਚੋਂ ਮਿਲੀਆਂ ਪਾਬੰਦੀਸ਼ੁਦਾ 139 ਗੋਲੀਆਂ ਬਾਰੇ ਪੜਤਾਲ ਕੀਤੀ। ਇਸ ਮਾਮਲੇ ਵਿੱਚ ਰਿਮਾਂਡ ਖ਼ਤਮ ਹੋਣ ਬਾਅਦ ਵਿਜੀਲੈਂਸ ਨੇ ਥਾਣਾ ਕੋਟ ਈਸੇ ਖਾਂ ਵਿੱਚ 23 ਅਕਤੂਬਰ 2024 ਨੂੰ ਅਫ਼ੀਮ ਤਸਕਰੀ ਮਾਮਲੇ ਵਿੱਚ ਦੋ ਮੁਲਜ਼ਮਾਂ ਤੋਂ ਪੰਜ ਲੱਖ ਦੀ ਰਿਸ਼ਵਤ ਲੈਣ ਅਤੇ ਤਿੰਨ ਕਿਲੋ ਅਫ਼ੀਮ ਗਾਇਬ ਕਰਨ ਦੇ ਦੋਸ਼ ਹੇਠ ਦੋ ਹੋਰ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਦਰਜ ਕੇਸ ’ਚ ਰਿਮਾਂਡ ਹਾਸਲ ਕਰ ਕੇ ਪੁੱਛ-ਪੜਤਾਲ ਕੀਤੀ। ਇਸ ਰਿਮਾਂਡ ਦੌਰਾਨ ਵਿਜੀਲੈਂਸ ਵੱਲੋਂ ਉਸ ਦੀ ਜਾਇਦਾਦ ਬਾਰੇ ਵੀ ਪੜਤਾਲ ਕੀਤੀ ਗਈ।