ਟ੍ਰਿਬਿਊਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 1 ਨਵੰਬਰ
ਵਿਜੀਲੈਂਸ ਬਿਊਰੋ ਨੇ ਆਪਣੇ ਹੀ ਵਿਭਾਗ ਦੇ ਇਕ ਇੰਸਪੈਕਟਰ ਨੂੰ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਅਮੋਲਕ ਸਿੰਘ ਵਜੋਂ ਹੋਈ ਹੈ। ਉਸ ’ਤੇ ਦੋਸ਼ ਲੱਗੇ ਹਨ ਕਿ ਇਕ ਪੁਰਾਣੇ ਮਾਮਲੇ ’ਚ ਆਵਾਜ਼ ਦੇ ਨਮੂਨਿਆਂ ਦੀ ਜਾਂਚ ਕਰਨ ਲਈ ਕਥਿਤ ਤੌਰ ’ਤੇ ਪੰਜ ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ ਗਈ ਹੈ। ਅਮੋਲਕ ਦੀ ਗ੍ਰਿਫ਼ਤਾਰੀ ਵਾਸਤੇ ਮੁਹਾਲੀ ਤੋਂ ਵਿਭਾਗ ਟੀਮ ਪੁੱਜੀ ਸੀ, ਜਿਸ ਦੀ ਪੁਸ਼ਟੀ ਵਿਜੀਲੈਂਸ ਦੇ ਡੀਐੱਸਪੀ ਬਰਿੰਦਰ ਸਿੰਘ ਨੇ ਕੀਤੀ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ। ਵੇਰਵਿਆਂ ਮੁਤਾਬਕ ਸਥਾਨਕ ਨਿਊ ਮਹਿੰਦਰਾ ਕਲੋਨੀ ਵਾਸੀ ਪ੍ਰਥਮੇਸ਼ ਨੇ ਅਧਿਕਾਰੀ ਵੱਲੋਂ ਰਿਸ਼ਵਤ ਮੰਗਣ ਦੀ ਸ਼ਿਕਾਇਤ ਵਿਜੀਲੈਂਸ ਵਿਭਾਗ ਦੇ ਡਾਇਰੈਕਟਰ ਨੂੰ ਆਨਲਾਈਨ ਭੇਜੀ ਸੀ। ਇਸ ਵਿੱਚ ਉਸ ਨੇ ਦੋਸ਼ ਲਾਇਆ ਸੀ ਕਿ ਇੰਸਪੈਕਟਰ ਅਮੋਲਕ ਸਿੰਘ ਵੱਲੋਂ ਕਥਿਤ ਤੌਰ ’ਤੇ ਰਿਸ਼ਵਤ ਮੰਗੀ ਜਾ ਰਹੀ ਹੈ।