ਲੁਧਿਆਣਾ: ਸਾਬਕਾ ਮੁੱਖ ਮੰਤਰੀ ਤੇ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਪਾਤਰ ਦੇ ਦੇਹਾਂਤ ਨੂੰ ‘ਇਕ ਯੁੱਗ ਦਾ ਅੰਤ’ ਕਰਾਰ ਦਿੱਤਾ ਹੈ। ਉਨ੍ਹਾਂ ਪਾਤਰ ਪਰਿਵਾਰ ਤੇ ਉੱਘੇ ਸ਼ਾਇਰ ਦੇ ਲੱਖਾ ਪ੍ਰਸ਼ੰਸਕਾਂ ਨਾਲ ਸੰਵੇਦਨਾਵਾਂ ਜ਼ਾਹਿਰ ਕੀਤੀਆਂ ਹਨ। ਇਸ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਨੇ ਡਾ. ਪਾਤਰ ਦੇ ਚਲਾਣੇ ਨੂੰ ਪੰਜਾਬ ਸਾਹਿਤ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਉਹ ਪਾਤਰ, ਜਿਨ੍ਹਾਂ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਤੇ ਇਸ ਨੂੰ ਆਲਮੀ ਨਕਸ਼ੇ ’ਤੇ ਚਮਕਾਇਆ, ਦੇ ਦੇਹਾਂਤ ਤੋਂ ਗ਼ਮਗੀਨ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਾਤਰ ਦੇ ਦੇਹਾਂਤ ਨਾਲ ਸਾਹਿਤ ਜਗਤ ਵਿਚ ਖਲਾਅ ਪੈਦਾ ਹੋ ਗਿਆ ਹੈ। ਬਾਦਲ ਨੇ ਕਿਹਾ, ‘‘ਸ਼ਿਵ ਬਟਾਲਵੀ ਤੋਂ ਬਾਅਦ ਪਾਤਰ ਸਾਹਿਬ ਪੰਜਾਬ ਦੇ ਸਭ ਤੋਂ ਮਕਬੂਲ ਸ਼ਾਇਰ ਸਨ। ਮੈਂ ਉਨ੍ਹਾਂ ਦੇ ਪਰਿਵਾਰ ਨਾਲ ਸੰਵੇਦਨਾਵਾਂ ਜ਼ਾਹਿਰ ਕਰਦਾ ਹਾਂ।’’ ਪੰਜਾਬੀ ਅਦਾਕਾਰ ਗੁਰਪ੍ਰੀਤ ਘੁੱਗੀ ਅਤੇ ਅਦਾਕਾਰ ਤੇ ਗਾਇਕ ਹਰਭਜਨ ਮਾਨ ਨੇ ਵੀ ਡਾ. ਪਾਤਰ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ। ਪੀਟੀਆਈ