ਨਵੀਂ ਦਿੱਲੀ, 11 ਮਈ
ਸਾਲ 1998 ਦੇ ਪੋਖਰਨ ਟੈਸਟ ਦੌਰਾਨ ਭਾਰਤ ਦੀ ਪ੍ਰਮਾਣੂ ਸਮਰੱਥਾ ’ਚ ਹਾਸਲ ਕੀਤੀ ਗਈ ਇਤਿਹਾਸਕ ਪ੍ਰਾਪਤੀ ਨੂੰ ਯਾਦ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਇਹ ਦਿਨ ਨਾ ਸਿਰਫ਼ ਭਾਰਤ ਦੇ ਪ੍ਰਮਾਣੂ ਸ਼ਕਤੀ ਵਜੋਂ ਉਭਰਨ ਦਾ ਇੱਕ ਸਬੂਤ ਹੈ ਬਲਕਿ ਆਲਮੀ ਪੱਧਰ ’ਤੇ ਦੇਸ਼ ਦੇ ਲਗਾਤਾਰ ਨਵੀਆਂ ਤਕਨੀਕਾਂ ’ਚ ਵਿਕਸਿਤ ਹੋਣ ਅਤੇ ਮਜ਼ਬੂਤ ਸਥਿਤੀ ’ਚ ਆਉਣ ਨੂੰ ਵੀ ਸਾਬਤ ਕਰਦਾ ਹੈ। ਅੱਜ 1998 ਪੋਖਰਨ ਪ੍ਰਮਾਣੂ ਟੈਸਟਾਂ ਦੀ ਵਰ੍ਹੇਗੰਢ ਹੈ ਜਦੋਂ ਭਾਰਤ ਨੇ ਦੁਨੀਆ ਨੂੰ ਪਹਿਲੀ ਵਾਰ ਆਪਣੀ ਸਮਰੱਥਾ ਬਾਰੇ ਦੱਸਿਆ ਸੀ।
ਪ੍ਰਧਾਨ ਮੰਤਰੀ ਨੇ ਉੜੀਸਾ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, ‘ਅੱਜ ਤੋਂ 25 ਸਾਲ ਪਹਿਲਾਂ ਅਟਲ ਜੀ ਦੀ ਸਰਕਾਰ ਨੇ ਪੋਖਰਨ ’ਚ ਪ੍ਰਮਾਣੂ ਟੈਸਟ ਕਰਕੇ ਦੁਨੀਆ ਨੂੰ ਭਾਰਤ ਦੀ ਤਾਕਤ ਦਿਖਾਈ ਸੀ। ਭਾਰਤ ਨੇ ਜਿੱਥੇ ਆਪਣੀ ਸਮਰੱਥਾ ਦਾ ਪ੍ਰਦਰਸ਼ਨ ਕੀਤਾ ਉੱਥੇ ਹੀ ਕਾਂਗਰਸ ਨੇ ਪਾਕਿਸਤਾਨ ਕੋਲ ਪ੍ਰਮਾਣੂ ਹਥਿਆਰ ਹੋਣ ਦਾ ਸੁਝਾਅ ਦੇ ਕੇ ਡਰ ਫੈਲਾਉਣਾ ਜਾਰੀ ਰੱਖਿਆ।’ ਉਨ੍ਹਾਂ ਕਾਂਗਰਸ ’ਤੇ ਪਾਕਿਸਤਾਨ ਪ੍ਰਤੀ ਨਰਮ ਰਵੱਈਆ ਅਪਣਾਉਣ ਦਾ ਦੋਸ਼ ਲਾਉਂਦਿਆਂ ਕਿਹਾ, ‘ਉਹ ਸਾਨੂੰ ਲਗਾਤਾਰ ਪਾਕਿਸਤਾਨ ਕੋਲ ਪ੍ਰਮਾਣੂ ਬੰਬ ਹੋਣ ਦੀ ਚਿਤਾਵਨੀ ਦੇ ਕੇ ਡਰਾਉਂਦੇ ਜਦਕਿ ਪਾਕਿਸਤਾਨ ਆਪਣੇ ਹੀ ਹਾਲਾਤ ਸੰਭਾਲਣ ਲਈ ਸੰਘਰਸ਼ ਕਰ ਰਿਹਾ ਹੈ।’
ਇਸੇ ਦੌਰਾਨ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਹਾਕਮ ਐੱਨਡੀਏ ਸਰਕਾਰ ਦੇ ਕਾਰਜਕਾਲ ਦੌਰਾਨ ਕੀਤੇ ਗਏ ਪੋਖਰਨ ਪ੍ਰਮਾਣੂ ਪ੍ਰੀਖਣ ਨੂੰ ਯਾਦ ਕੀਤਾ ਅਤੇ ਕਿਹਾ ਕਿ ਇਸ ਫ਼ੈਸਲੇ ਨੇ ਭਾਰਤ ਦੀ ਕੌਮੀ ਸੁਰੱਖਿਆ ਯਕੀਨੀ ਬਣਾਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਐੱਨਡੀਏ ਦੀ ਮੌਜੂਦਾ ਹਾਕਮ ਸਰਕਾਰ ਪਿਛਲੀ 1998 ਦੀ ਐੱਨਡੀਏ ਸਰਕਾਰ ਦੇ ਨਕਸ਼ੇ ਕਦਮ ’ਤੇ ਅੱਗੇ ਵੱਧ ਰਹੀ ਹੈ ਜਿਸ ਦਾ ਟੀਚਾ ਅਤਿਵਾਦ ਦਾ ਮਜ਼ਬੂਤੀ ਨਾਲ ਮੁਕਾਬਲਾ ਕਰਨਾ ਤੇ ਸਰਹੱਦ ’ਤੇ ਬੁਨਿਆਦੀ ਢਾਂਚੇ ਦਾ ਨਿਰਮਾਣ ਕਰਨਾ ਹੈ। -ਪੀਟੀਆਈ