ਚੰਡੀਗੜ੍ਹ (ਟਨਸ): ਮੁੱਖ ਮੰਤਰੀ ਭਗਵੰਤ ਮਾਨ ਨੇ ਉੱਘੇ ਪੰਜਾਬੀ ਸ਼ਾਇਰ ਸੁਰਜੀਤ ਪਾਤਰ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸ੍ਰੀ ਮਾਨ ਨੇ ਐੱਕਸ ’ਤੇ ਇਕ ਪੋਸਟ ਵਿਚ ਲਿਖਿਆ ਹੈ ‘‘ਪੰਜਾਬੀ ਬੋਲੀ ਦੇ ਮਾਣਮੱਤੇ ਪੁੱਤ ਸੁਰਜੀਤ ਪਾਤਰ ਸਾਹਿਬ ਦੇ ਅਚਾਨਕ ਚਲੇ ਜਾਣ ’ਤੇ ਬਹੁਤ ਦੁੱਖ ਹੋਇਆ। ਪੰਜਾਬੀ ਮਾਂ ਬੋਲੀ ਦਾ ਵਿਹੜਾ ਅੱਜ ਸੁੰਨਾ ਹੋ ਗਿਆ।’’ ਮੁੱਖ ਮੰਤਰੀ ਨੇ ਕਿਹਾ ਕਿ ਉਹ ਖੁਦ ਆਪਣੇ ਭਾਸ਼ਣਾਂ ਵਿਚ ਡਾ. ਸੁਰਜੀਤ ਪਾਤਰ ਦੀਆਂ ਲਿਖੀਆਂ ਕਵਿਤਾਵਾਂ ਅਤੇ ਸਤਰਾਂ ਦਾ ਜ਼ਿਕਰ ਕਰਦੇ ਹਨ ਅਤੇ ਅਜਿਹੀ ਸ਼ਖ਼ਸੀਅਤ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਸੁਰਜੀਤ ਪਾਤਰ ਦੀਆਂ ਲਿਖਤਾਂ ਪੜ੍ਹਨ ਤੇ ਉਨ੍ਹਾਂ ਦੇ ਦਿਖਾਏ ਰਾਹ ’ਤੇ ਚੱਲਣ ਦੀ ਅਪੀਲ ਕੀਤੀ।