ਪਟਨਾ, 11 ਮਈ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਮਹਾਰਾਸ਼ਟਰ ਦੇ ਆਗੂਆਂ ਊਧਵ ਠਾਕਰੇ ਅਤੇ ਸ਼ਰਦ ਪਵਾਰ ਨੂੰ ਭਾਜਪਾ ਦੀ ਅਗਵਾਈ ਹੇਠਲੇ ਐੱਨਡੀਏ ’ਚ ਸ਼ਾਮਲ ਹੋਣ ਦੇ ਦਿੱਤੇ ਗਏ ਸੱਦੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਲੋਚਨਾ ਕੀਤੀ ਹੈ। ਇਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਖੜਗੇ ਨੇ ਇਹ ਵੀ ਦਾਅਵਾ ਕੀਤਾ ਕਿ ਮੋਦੀ ਦਾ ਅਗਲੀ ਸਰਕਾਰ ਬਣਾਉਣਾ ਬਹੁਤ ਮੁਸ਼ਕਲ ਹੈ। ਖੜਗੇ ਨੇ ਕਿਹਾ,‘‘ਨੰਦੂਰਬਾਰ ’ਚ ਮੋਦੀ ਨੇ ਆਖਿਆ ਠਾਕਰੇ ਅਤੇ ਪਵਾਰ ਨੂੰ ਐੱਨਡੀਏ ’ਚ ਆ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਦੀਆਂ ਸਾਰੀਆਂ ਖਾਹਿਸ਼ਾਂ ਪੂਰੀਆਂ ਕੀਤੀਆਂ ਜਾਣਗੀਆਂ। ਮੋਦੀ ਨੇ ਕਿਹਾ ਕਿ ਕਾਂਗਰਸ ਨਾਲ ਮਰਨ ਨਾਲੋਂ ਇਹ ਬਿਹਤਰ ਰਹੇਗਾ। ਕੀ ਪ੍ਰਧਾਨ ਮੰਤਰੀ ਅਜਿਹੀ ਭਾਸ਼ਾ ਬੋਲਦਾ ਹੈ?’’ ਕਾਂਗਰਸ ਪ੍ਰਧਾਨ ਨੇ ਇਹ ਵੀ ਦਾਅਵਾ ਕੀਤਾ ਕਿ ਮੋਦੀ ਦੀ ਚਮਕ ਫਿੱਕੀ ਪੈ ਗਈ ਹੈ। ‘ਮੈਂ ਵੀ ਤਿਲੰਗਾਨਾ ਅਤੇ ਆਂਧਰਾ ਪ੍ਰਦੇਸ਼ ’ਚ ਸੀ। ਪਰ ਹੁਣ ਰੈਲੀ ’ਚ ਉਨ੍ਹਾਂ ਦਾ ਉਹ ਖਾਸ ‘ਅਭਿਮਾਨ’ ਅਤੇ ‘ਮਾਣ-ਸਨਮਾਨ’ ਆਦਿ ਗਾਇਬ ਸਨ। ਲੋਕ ਸਭਾ ਚੋਣਾਂ ਦੇ ਤਿੰਨ ਗੇੜਾਂ ਮਗਰੋਂ ਮੈਂ ਆਖ ਸਕਦਾ ਹਾਂ ਕਿ ਮੋਦੀ ਦਾ ਮੁੜ ਪ੍ਰਧਾਨ ਮੰਤਰੀ ਬਣਨਾ ਬਹੁਤ ਮੁਸ਼ਕਲ ਹੈ। ਇਸੇ ਕਰਕੇ ਉਨ੍ਹਾਂ ਆਪਣੇ 10 ਸਾਲ ਦੀਆਂ ਪ੍ਰਾਪਤੀਆਂ ਬਾਰੇ ਬੋਲਣਾ ਬੰਦ ਕਰ ਦਿੱਤਾ ਹੈ ਅਤੇ ਉਹ ਹਿੰਦੂਆਂ ਤੇ ਮੁਸਲਮਾਨਾਂ ’ਚ ਵੰਡੀਆਂ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।’ ਖੜਗੇ ਨੇ ਕਿਹਾ ਕਿ ਕੇਂਦਰ ਦੀ ਹੁਕਮਰਾਨ ਧਿਰ ਖ਼ਿਲਾਫ਼ ਲੋਕਾਂ ’ਚ ਬਹੁਤ ਜ਼ਿਆਦਾ ਗੁੱਸਾ ਹੈ ਜੋ ਬੇਰੁਜ਼ਗਾਰੀ ਅਤੇ ਅਸਹਿਣਯੋਗ ਮਹਿੰਗਾਈ ਨਾਲ ਸਿੱਝਣ ’ਚ ਨਾਕਾਮ ਰਹੀ ਹੈ। ‘ਮੋਦੀ ਨੇ ਆਪਣੇ 10 ਸਾਲ ਦਾ ਕਾਰਜਕਾਲ ਵਿਰੋਧੀਆਂ ਨੂੰ ਈਡੀ ਅਤੇ ਸੀਬੀਆਈ ਵਰਗੀਆਂ ਏਜੰਸੀਆਂ ਰਾਹੀਂ ਪ੍ਰੇਸ਼ਾਨ ਕਰਨ ’ਤੇ ਧਿਆਨ ਕੇਂਦਰਤ ਕੀਤਾ। ਲੋਕ ਉਨ੍ਹਾਂ ਦੀਆਂ ਸਾਰੀਆਂ ਚਾਲਾਂ ਨੂੰ ਸਮਝਦੇ ਹਨ।’ ਇਸ ਦੌਰਾਨ ਕਾਂਗਰਸ ਪ੍ਰਧਾਨ ਖੜਗੇ ਨੇ ਬਿਹਾਰ ਦੇ ਸਮਸਤੀਪੁਰ ਅਤੇ ਮੁਜ਼ੱਫਰਪੁਰ ’ਚ ਰੈਲੀਆਂ ਨੂੰ ਸੰਬੋਧਨ ਕਰਦਿਆਂ ਮੋਦੀ ’ਤੇ ਸਵਾਲ ਖੜ੍ਹੇ ਕੀਤੇ ਕਿ ਉਨ੍ਹਾਂ ਦੀ ਸਰਕਾਰ ਨੇ ਕਾਰੋਬਾਰੀਆਂ ਮੁਕੇਸ਼ ਅੰਬਾਨੀ ਅਤੇ ਗੌਤਮ ਅਡਾਨੀ ਵੱਲੋਂ ਵਿਰੋਧੀ ਧਿਰ ਨੂੰ ਕਾਲਾ ਧਨ ਭੇਜਣ ਦੇ ਮਾਮਲੇ ’ਤੇ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਹੈ। ਉਨ੍ਹਾਂ ਕਿਹਾ ਕਿ ਮੋਦੀ ਭਾਰਤ ਦੇ ਇਸ ਲਈ ਪ੍ਰਧਾਨ ਮੰਤਰੀ ਬਣ ਸਕੇ ਕਿਉਂਕਿ ਕਾਂਗਰਸ ਨੇ ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਕੀਤਾ ਸੀ। -ਪੀਟੀਆਈ
ਚੋਣ ਕਮਿਸ਼ਨ ਨੇ ਮੇਰੀਆਂ ਸ਼ਿਕਾਇਤਾਂ ਦਾ ਜਵਾਬ ਨਹੀਂ ਦਿੱਤਾ: ਖੜਗੇ
ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਚੋਣ ਕਮਿਸ਼ਨ ਵੱਲੋਂ ਦਿੱਤੇ ਗਏ ਜਵਾਬ ’ਤੇ ਹੈਰਾਨੀ ਜਤਾਉਂਦਿਆਂ ਕਿਹਾ ਕਿ ਜਿਹੜਾ ਪੱਤਰ ਉਨ੍ਹਾਂ ‘ਇੰਡੀਆ’ ਗੱਠਜੋੜ ਨੂੰ ਲਿਖਿਆ ਸੀ, ਉਸ ਦਾ ਕਮਿਸ਼ਨ ਨੇ ਜਵਾਬ ਦਿੱਤਾ ਹੈ। ਖੜਗੇ ਨੇ ਕਿਹਾ ਕਿ ਚੋਣ ਕਮਿਸ਼ਨ ਨੇ ਉਨ੍ਹਾਂ ਵੱਲੋਂ ਕੀਤੀਆਂ ਗਈਆਂ ਸ਼ਿਕਾਇਤਾਂ ਨੂੰ ਅਣਗੌਲਿਆ ਕਰ ਦਿੱਤਾ ਹੈ। ਮੁੱਖ ਚੋਣ ਕਮਿਸ਼ਨਰ ਅਤੇ ਹੋਰ ਚੋਣ ਕਮਿਸ਼ਨਰਾਂ ਨੂੰ ਸੰਬੋਧਨ ਕੀਤੇ ਪੱਤਰ ’ਚ ਖੜਗੇ ਨੇ ਕਿਹਾ ਹੈ ਕਿ ਚੋਣ ਕਮਿਸ਼ਨ ਹੁਕਮਰਾਨ ਧਿਰ ਦੇ ਆਗੂਆਂ ਵੱਲੋਂ ਫਿਰਕੂ ਅਤੇ ਜਾਤ-ਪਾਤ ਨਾਲ ਸਬੰਧਤ ਦਿੱਤੇ ਜਾ ਰਹੇ ਬਿਆਨਾਂ ਨਾਲ ਸਿੱਝਣ ’ਚ ਕੋਈ ਕਾਹਲੀ ਨਹੀਂ ਦਿਖਾ ਰਿਹਾ ਹੈ ਜੋ ਪ੍ਰੇਸ਼ਾਨ ਕਰਨ ਵਾਲੀ ਗੱਲ ਹੈ। ਖੜਗੇ ਨੇ ਸ਼ਨਿਚਰਵਾਰ ਨੂੰ ਚੋਣ ਕਮਿਸ਼ਨ ਨੂੰ ਭੇਜੇ ਪੱਤਰ ’ਚ ਕਿਹਾ ਕਿ ਉਹ ਇਸ ਗੱਲੋਂ ਹੈਰਾਨ ਹਨ ਕਿ ਚੋਣ ਕਮਿਸ਼ਨ ਨੇ ਹੋਰ ਕਈ ਸ਼ਿਕਾਇਤਾਂ ਨੂੰ ਅਣਗੌਲਿਆ ਕਰ ਦਿੱਤਾ। ‘ਮੈਨੂੰ ਚਿੱਠੀ ਦੀ ਭਾਸ਼ਾ ਬਾਰੇ ਕੁਝ ਸ਼ੰਕਾਵਾਂ ਹਨ ਪਰ ਮੈਂ ਇਸ ਮੁੱਦੇ ’ਤੇ ਦਬਾਅ ਨਹੀਂ ਪਾਵਾਂਗਾ ਕਿਉਂਕਿ ਮੈਂ ਸਮਝਦਾ ਹਾਂ ਕਿ ਚੋਣ ਕਮਿਸ਼ਨ ਕਿਸ ਦੇ ਦਬਾਅ ਹੇਠ ਕੰਮ ਕਰ ਰਿਹਾ ਹੈ।’ -ਪੀਟੀਆਈ