ਵਿਜੀਲੈਂਸ ਵੱਲੋਂ ਮਜੀਠੀਆ ਦਾ ਨੇੜਲਾ ਗੁਲਾਟੀ ਗ੍ਰਿਫ਼ਤਾਰ
ਵਿਜੀਲੈਂਸ ਵਿਭਾਗ ਨੇ ਨਾਭਾ ਦੀ ਜੇਲ੍ਹ ਵਿੱਚ ਬੰਦ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਕਰੀਬੀ ਹਰਪ੍ਰੀਤ ਸਿੰਘ ਗੁਲਾਟੀ ਨੂੰ ਗ੍ਰਿਫ਼ਤਾਰ ਕੀਤਾ ਹੈ। ਵਿਜੀਲੈਂਸ ਵੱਲੋਂ ਉਸ ਨੂੰ ਅੱਜ ਮੁਹਾਲੀ ਦੀ ਡਿਊਟੀ ਮੈਜਿਸਟ੍ਰੇਟ ਦੀ ਅਦਾਲਤ ’ਚ ਪੇਸ਼ ਕਰ ਕੇ ਛੇ ਦਿਨਾਂ ਦਾ ਪੁਲੀਸ ਰਿਮਾਂਡ ਲਿਆ ਗਿਆ ਹੈ। ਗੁਲਾਟੀ ਨੂੰ ਵਿਜੀਲੈਂਸ ਨੇ ਸਬੰਧਤ ਮਾਮਲੇ ’ਚ ਪਹਿਲਾਂ ਸਰਕਾਰੀ ਗਵਾਹ ਬਣਾਇਆ ਸੀ। ਵਿਜੀਲੈਂਸ ਵੱਲੋਂ ਪੇਸ਼ ਵਕੀਲਾਂ ਫੈਰੀ ਸੋਫ਼ਤ ਤੇ ਪ੍ਰੀਤਇੰਦਰਪਾਲ ਸਿੰਘ ਨੇ ਅਦਾਲਤ ਨੂੰ ਦੱਸਿਆ ਕਿ ਸਬੰਧਤ ਵਿਅਕਤੀ ਸ਼ਰਾਬ ਦਾ ਕਾਰੋਬਾਰੀ ਹੈ, ਜਿਸ ਦੀਆਂ ਫਰਮਾਂ ਰਾਹੀਂ ਬਿਕਰਮ ਮਜੀਠੀਆ ਦੀਆਂ ਫਰਮਾਂ ਨੂੰ ਲਗਪਗ 10 ਕਰੋੜ ਦੀ ਅਦਾਇਗੀ ਸਾਹਮਣੇ ਆਈ ਸੀ। ਉਸ ਵੱਲੋਂ ਜਾਣਕਾਰੀ ਨਾ ਦਿੱਤੇ ਜਾਣ ਕਾਰਨ ਪੁੱਛ-ਪੜਤਾਲ ਲਈ ਉਸ ਦੀ ਗ੍ਰਿਫ਼ਤਾਰੀ ਕੀਤੀ ਗਈ। ਵਕੀਲਾਂ ਨੇ ਕਿਹਾ ਕਿ ਸਬੰਧਿਤ ਵਿਅਕਤੀ ਰਾਹੀਂ ਹੀ ਮਜੀਠੀਆ ਨੇ ਸ਼ਿਮਲਾ ਤੇ ਦਿੱਲੀ ’ਚ ਜਾਇਦਾਦਾਂ ਬਣਾਈਆਂ ਹਨ, ਜਿਸ ਬਾਰੇ ਵੀ ਪੁੱਛ ਪੜਤਾਲ ਕਰਨੀ ਹੈ।
ਦੂਜੇ ਪਾਸੇ ਗੁਲਾਟੀ ਵੱਲੋਂ ਪੇਸ਼ ਵਕੀਲਾਂ ਨੇ ਦਲੀਲ ਦਿੱਤੀ ਕਿ ਗੁਲਾਟੀ ਨੂੰ ਪਹਿਲਾਂ ਹੀ ਸਬੰਧਿਤ ਕੇਸ ਵਿੱਚ ਵਿਜੀਲੈਂਸ ਵੱਲੋਂ ਗਵਾਹ ਬਣਾਇਆ ਗਿਆ ਸੀ। ਸਰਕਾਰੀ ਗਵਾਹ ਨੂੰ ਗ੍ਰਿਫ਼ਤਾਰ ਕਰ ਕੇ ਉਸ ’ਤੇ ਗਵਾਹੀ ਲਈ ਦਬਾਅ ਪਾਇਆ ਜਾ ਰਿਹਾ ਹੈ। ਮਾਮਲੇ ਦੀ ਅਗਲੀ ਸੁਣਵਾਈ 6 ਦਸੰਬਰ ਨੂੰ ਹੋਵੇਗੀ। ਜ਼ਿਕਰਯੋਗ ਹੈ ਕਿ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ 25 ਜੂਨ ਨੂੰ ਵਿਜੀਲੈਂਸ ਨੇ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕੀਤਾ ਸੀ।
