ਵਿਜੀਲੈਂਸ ਵੱਲੋਂ 60 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਕਲਰਕ ਕਾਬੂ
ਵਿਜੀਲੈਂਸ ਬਿਊਰੋ ਨੇ ਫ਼ਿਰੋਜ਼ਪੁਰ ਦੇ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਦਫ਼ਤਰ (ਡੀ.ਡੀ.ਪੀ.ਓ.) ਵਿਚ ਤਾਇਨਾਤ ਕਲਰਕ ਬਲਵੰਤ ਸਿੰਘ ਨੂੰ 60 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਪਿੰਡ ਲੱਲੇ, ਤਲਵੰਡੀ ਭਾਈ, ਜ਼ਿਲ੍ਹਾ ਫ਼ਿਰੋਜ਼ਪੁਰ ਦੇ ਰਹਿਣ ਵਾਲੇ ਵਿਅਕਤੀ ਦੀ ਸ਼ਿਕਾਇਤ ’ਤੇ ਕਲਰਕ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਦੱਸਿਆ ਸੀ ਕਿ ਉਸ ਨੇ ਇੱਕ ਪ੍ਰਾਈਵੇਟ ਬੈਂਕ ਤੋਂ ਖੇਤੀਬਾੜੀ ਕਰਜ਼ੇ ਲਈ ਅਰਜ਼ੀ ਦਿੱਤੀ ਸੀ। ਇਸ ਅਰਜ਼ੀ ਵਿੱਚ ਉਸ ਨੇ ਆਪਣੀ ਜ਼ਮੀਨ ਨਾਲ ਨਾਲ ਉਹ ਪੰਚਾਇਤੀ ਜ਼ਮੀਨ ਵੀ ਦੱਸੀ ਸੀ, ਜਿਸ ’ਤੇ ਉਹ ਖੇਤੀ ਕਰ ਰਿਹਾ ਸੀ। ਜਦੋਂ ਬੈਂਕ ਨੇ ਕਰਜ਼ਾ ਦੇਣ ਤੋਂ ਮਨ੍ਹਾ ਕਰ ਦਿੱਤਾ ਤਾਂ ਇਸ ਬਾਰੇ ਡੀ.ਡੀ.ਪੀ.ਓ. ਦਫ਼ਤਰ ਨੂੰ ਸੂਚਿਤ ਕਰ ਦਿੱਤਾ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਕਲਰਕ ਨੇ ਸ਼ਿਕਾਇਤਕਰਤਾ ਨੂੰ ਪੰਚਾਇਤੀ ਜ਼ਮੀਨ ਦੇ ਰੈਵੇਨਿਊ ਰਿਕਾਰਡ ਬੈਂਕ ਨੂੰ ਭੇਜਣ ਦੇ ਮਾਮਲੇ ਵਿੱਚ ਧਮਕਾਇਆ ਅਤੇ ਕੋਈ ਗਲਤ ਕਾਰਵਾਈ ਨਾ ਕਰਨ ਦੇ ਬਦਲੇ ਇੱਕ ਲੱਖ ਰੁਪਏ ਦੀ ਰਿਸ਼ਵਤ ਮੰਗੀ ਜੋ ਬਾਅਦ ਵਿੱਚ 60 ਹਜ਼ਾਰ ਰੁਪਏ ਵਿੱਚ ਤੈਅ ਹੋ ਗਈ। ਇਸ ਮਾਮਲੇ ਦੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਫ਼ਿਰੋਜ਼ਪੁਰ ਟੀਮ ਵੱਲੋਂ ਜਾਲ ਵਿਛਾ ਕੇ ਕਲਰਕ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ 60 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕਰ ਲਿਆ। ਫੜੇ ਗਏ ਕਲਰਕ ਖਿਲਾਫ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਵਿਜੀਲੈਂਸ ਬਿਊਰੋ ਪੁਲਿਸ ਥਾਣਾ ਫ਼ਿਰੋਜ਼ਪੁਰ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਹੈ। ਫੜੇ ਗਏ ਕਲਰਕ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।