ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Video: ਯਖ਼ ਰਾਤ ’ਚ ਭਾਰੀ ਬਰਫ਼ਬਾਰੀ ਵਿਚ ਫਸੇ ਪੰਜਾਬੀ ਸੈਲਾਨੀਆਂ ਨੂੰ Kashmiri ਮਸਜਿਦ ’ਚ ਮਿਲਿਆ ਇਨਸਾਨੀਅਤ ਦਾ ਨਿੱਘ

Stranded tourists from Punjab find shelter in mosque amid heavy snowfall in Kashmir; ਹੋਰ ਥਾਈਂ ਵੀ ਦੇਖਣ ਨੂੰ ਮਿਲੀ ਕਸ਼ਮੀਰੀ ਮਹਿਮਾਨ-ਨਿਵਾਜ਼ੀ ਦੇ ਨਜ਼ਾਰੇ
Advertisement
ਸ੍ਰੀਨਗਰ, 28 ਦਸੰਬਰ 
ਕਸ਼ਮੀਰੀ ਮਹਿਮਾਨਨਿਵਾਜ਼ੀ ਦੇ ਦਿਲ ਨੂੰ ਛੂਹ ਲੈਣ ਵਾਲੇ ਮੁਜ਼ਾਹਰੇ ਵਿੱਚ ਸ੍ਰੀਨਗਰ-ਸੋਨਮਰਗ ਹਾਈਵੇਅ 'ਤੇ ਗੁੰਡ ਦੇ ਸਥਾਨਕ ਲੋਕਾਂ ਨੇ ਭਾਰੀ ਬਰਫ਼ਬਾਰੀ ਕਾਰਨ ਫਸੇ ਸੈਲਾਨੀਆਂ ਦੇ ਇੱਕ ਸਮੂਹ ਨੂੰ ਪਨਾਹ ਦੇਣ ਲਈ ਇੱਕ ਮਸਜਿਦ ਦੇ ਦਰਵਾਜ਼ੇ ਖੋਲ੍ਹ ਦਿੱਤੇ। ਗ਼ੌਰਤਲਬ ਹੈ ਕਿ ਜੰਮੂ-ਕਸ਼ਮੀਰ ਵਿਚ ਹੋ ਰਹੀ ਭਾਰੀ ਬਰਫ਼ਬਾਰੀ ਦੌਰਾਨ ਪੰਜਾਬ ਦੇ ਇੱਕ ਦਰਜਨ ਦੇ ਕਰੀਬ ਸੈਲਾਨੀ ਸ਼ੁੱਕਰਵਾਰ ਨੂੰ ਸੋਨਮਰਗ ਖੇਤਰ ਤੋਂ ਵਾਪਸ ਆਉਂਦੇ ਸਮੇਂ ਬਰਫ਼ਬਾਰੀ ਵਿੱਚ ਫਸ ਗਏ ਸਨ।
ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਦੇ ਵਾਹਨ ਬਰਫ਼ ਵਿੱਚ ਫਸ ਗਏ ਅਤੇ ਨੇੜਲੇ ਹੋਟਲ ਤੇ ਸਥਾਨਕ ਘਰ ਉਨ੍ਹਾਂ ਨੂੰ ਸਾਂਭਣ ਲਈ ਬਹੁਤ ਛੋਟੇ ਹੋਣ ਕਰਕੇ ਗੁੰਡ ਨਿਵਾਸੀਆਂ ਨੇ ਉਨ੍ਹਾਂ ਲਈ ਜਾਮੀਆ ਮਸਜਿਦ ਦੇ ਦਰਵਾਜ਼ੇ ਖੋਲ੍ਹ ਦਿੱਤੇ, ਜਿਸ ਨਾਲ ਸੈਲਾਨੀਆਂ ਨੇ ਯਖ਼ ਠੰਢੀ ਰਾਤ ਇਨਸਾਨੀਅਤ ਦੇ ਇਸ ਨਿੱਘ ਵਿਚ ਕੱਟੀ।
ਇੱਕ ਮੁਕਾਮੀ ਵਾਸ਼ਿੰਦੇ ਬਸ਼ੀਰ ਅਹਿਮਦ ਨੇ ਕਿਹਾ ਕਿ ਇਹੋ ਸਭ ਤੋਂ ਵਧੀਆ ਸੰਭਵ ਹੱਲ ਸੀ ਕਿਉਂਕਿ ਮਸਜਿਦ ਵਿੱਚ ਇੱਕ ਹਮਾਮ ਹੈ, ਜੋ ਰਾਤ ਭਰ ਗਰਮ ਰਹਿੰਦਾ ਹੈ। ਗੁੰਡ ਵਿਖੇ ਜਾਮੀਆ ਮਸਜਿਦ ਗਗਨਗੀਰ ਵਿੱਚ ਹੋਏ ਅੱਤਵਾਦੀ ਹਮਲੇ ਵਾਲੀ ਥਾਂ ਤੋਂ 10 ਕਿਲੋਮੀਟਰ ਤੋਂ ਵੀ ਘੱਟ ਦੂਰੀ 'ਤੇ ਸਥਿਤ ਹੈ, ਜਿੱਥੇ ਇਸ ਸਾਲ ਅਕਤੂਬਰ ਵਿੱਚ ਛੇ ਲੋਕ - ਪੰਜ ਗੈਰ-ਮੁਕਾਮੀ ਮਜ਼ਦੂਰ ਅਤੇ ਇੱਕ ਸਥਾਨਕ ਡਾਕਟਰ - ਮਾਰੇ ਗਏ ਸਨ।

ਮਸਜਿਦ ਦੇ ਅੰਦਰ ਰਾਤ ਬਿਤਾਉਣ ਵਾਲੇ ਸੈਲਾਨੀਆਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਗਿਆ ਹੈ। ਸੈਲਾਨੀਆਂ ਨੇ ਸਥਾਨਕ ਲੋਕਾਂ ਦੀ ਮਦਦ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਇਕ ਸੈਲਾਨੀ ਆਖ ਰਿਹਾ ਹੈ, "ਅਸੀਂ ਬਰਫ਼ ਵਿੱਚ ਫਸ ਗਏ ਸੀ ਅਤੇ ਤੁਸੀਂ ਸਾਡੀ ਮਦਦ ਲਈ ਆਏ। ਅਸੀਂ ਤੁਹਾਡੇ ਸਾਰਿਆਂ ਦੇ ਬਹੁਤ ਧੰਨਵਾਦੀ ਹਾਂ।"

ਇੱਕ ਹੋਰ ਸੈਲਾਨੀ ਨੇ ਕਿਹਾ, "ਹਰ ਕਿਸੇ ਨੂੰ ਕਸ਼ਮੀਰ ਦੀ ਮਹਿਮਾਨ ਨਿਵਾਜ਼ੀ ਮਾਨਣ ਲਈ ਜਾਣਾ ਚਾਹੀਦਾ ਹੈ। ਇੱਥੇ ਹਰ ਕੋਈ ਦਿਆਲੂ ਹੈ ਅਤੇ ਉਥੇ ਜਾਣਾ ਸੁਰੱਖਿਅਤ ਹੈ। ਕਿਰਪਾ ਕਰਕੇ ਧਰਤੀ 'ਤੇ ਇਸ ਸਵਰਗ ਵਿੱਚ ਆਓ।"
ਹੁਰੀਅਤ ਕਾਨਫਰੰਸ ਦੇ ਚੇਅਰਮੈਨ ਮੀਰਵਾਇਜ਼ ਉਮਰ ਫਾਰੂਕ ਨੇ ਵੀ ਇਸ ਕਾਰਵਾਈ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਭਾਰੀ ਬਰਫ਼ਬਾਰੀ ਦੇ ਵਿਚਕਾਰ ਕਸ਼ਮੀਰੀਆਂ ਨੂੰ ਫਸੇ ਸੈਲਾਨੀਆਂ ਲਈ ਆਪਣੀਆਂ ਮਸਜਿਦਾਂ ਅਤੇ ਘਰ ਖੋਲ੍ਹਦੇ ਦੇਖਣਾ ਦਿਲ ਨੂੰ ਛੂਹ ਗਿਆ। ਮੀਰਵਾਇਜ਼ ਨੇ ਇਸ ਸਬੰਧੀ ਸੋਸ਼ਲ ਮੀਡੀਆ ਪਲੈਟਫਾਰਮ ਐਕਸ (X)  'ਤੇ ਪਾਈ ਇਕ ਪੋਸਟ ਵਿਚ ਕਿਹਾ, "ਨਿੱਘ ਅਤੇ ਇਨਸਾਨੀਅਤ ਦੀ ਇਹ ਕਾਰਵਾਈ ਮਹਿਮਾਨ ਨਿਵਾਜ਼ੀ ਅਤੇ ਲੋੜ ਦੇ ਸਮੇਂ ਦੂਜਿਆਂ ਦੀ ਮਦਦ ਕਰਨ ਦੀ ਸਾਡੀ ਮੁੱਦਤਾਂ ਤੋਂ ਚੱਲੀ ਆ ਰਹੀ ਰਵਾਇਤ ਨੂੰ ਦਰਸਾਉਂਦੀ ਹੈ।"

Advertisement

ਪੀਡੀਪੀ ਨੇਤਾ ਇਲਤਿਜਾ ਮੁਫਤੀ ਨੇ ਵੀ ਸੋਸ਼ਲ ਮੀਡੀਆ 'ਤੇ ਫਸੇ ਸੈਲਾਨੀਆਂ ਲਈ ਸਥਾਨਕ ਲੋਕਾਂ ਦੁਆਰਾ ਨਿਭਾਏ ਗਏ ‘ਇਨਸਾਨੀ’ ਫ਼ਰਜ਼ ਦੀ ਸ਼ਲਾਘਾ ਕੀਤੀ ਹੈ। ਇਲਤਿਜਾ ਨੇ X 'ਤੇ ਪੋਸਟ ਕੀਤਾ, "ਗੰਦਰਬਲ ਵਿੱਚ ਫਸੇ ਸੈਲਾਨੀਆਂ ਨੂੰ ਕੱਲ੍ਹ ਰਾਤ ਇੱਕ ਮਸਜਿਦ ਵਿੱਚ ਇੱਕ ਅਚਾਨਕ ਪਰ ਨਿੱਘੀ ਪਨਾਹ ਮਿਲੀ। ਕਸ਼ਮੀਰੀ ਸਿਰਫ਼ ਇਨਸਾਨ ਹੀ ਨਹੀਂ, ਸਗੋਂ ਇਨਸਾਨੀਅਤ ਵਾਲੇ ਵੀ ਹਨ। ਮੈਂ ਚਾਹੁੰਦੀ ਹਾਂ ਕਿ ਮੀਡੀਆ ਉਨ੍ਹਾਂ ਰੂੜ੍ਹੀਵਾਦੀ ਧਾਰਨਾਵਾਂ ਨੂੰ ਪ੍ਰਚਾਰਨਾ ਬੰਦ ਕਰ ਦੇਵੇ ਜੋ ਅੱਖਾਂ ਵਿਚ ਰੜਕਦੀਆਂ ਹਨ ਅਤੇ ਇਸ ਦੀ ਬਜਾਏ ਇਹ ਉਜਾਗਰ ਕਰੇ ਕਿ ਕਸ਼ਮੀਰੀ ਸੱਚਮੁੱਚ ਕਿੰਨੇ ਮਹਿਮਾਨ-ਨਿਵਾਜ਼ ਵਾਲੇ ਹਨ।"

ਸੋਸ਼ਲ ਮੀਡੀਆ 'ਤੇ ਵਾਇਰਲ ਇੱਕ ਹੋਰ ਵੀਡੀਓ ਵਿੱਚ ਗੰਦਰਬਲ ਜ਼ਿਲ੍ਹੇ ਦੇ ਕੰਗਨ ਖੇਤਰ ਵਿੱਚ ਇੱਕ ਸਥਾਨਕ ਪਰਿਵਾਰ ਵੱਲੋਂ ਔਰਤਾਂ ਅਤੇ ਬੱਚਿਆਂ ਸਮੇਤ ਕਈ ਸੈਲਾਨੀ ਪਰਿਵਾਰਾਂ ਦੀ ਮੇਜ਼ਬਾਨੀ ਕੀਤੀ ਜਾ ਰਹੀ ਹੈ, ਜਦੋਂ ਉਹ ਬਰਫ਼ਬਾਰੀ ਕਾਰਨ ਫਸ ਗਏ ਸਨ। ਸੈਲਾਨੀ ਆਪਣੇ ਮੇਜ਼ਬਾਨਾਂ ਦੀ ਪ੍ਰਸ਼ੰਸਾ ਨਾਲ ਭਰੇ ਹੋਏ ਇਹ ਕਹਿੰਦੇ ਦੇਖੇ ਗਏ, "ਉਨ੍ਹਾਂ ਨੇ ਇਸ ਮੁਸ਼ਕਲ ਸਮੇਂ ਵਿੱਚ ਸਾਡੀ ਮਦਦ ਕੀਤੀ। ਉਹ ਸਾਡੇ ਲਈ ਦੇਵਤਿਆਂ ਵਾਂਗ ਹਨ।"

ਦੱਸਣਯੋਗ ਹੈ ਕਿ ਸ਼ਨਿੱਚਰਵਾਰ ਨੂੰ ਵੀ ਕਸ਼ਮੀਰ ਭਰ ਵਿਚ ਭਾਰੀ ਬਰਫ਼ਬਾਰੀ ਜਾਰੀ ਰਹੀ। ਇਸ ਕਾਰਨ ਵੱਖ-ਵੱਖ ਥਾਈਂ ਸੈਂਕੜੇ ਸੈਲਾਨੀ ਸ੍ਰੀਨਗਰ-ਜੰਮੂ ਹਾਈਵੇਅ ਅਤੇ ਦੁੱਧਪਥਰੀ ਵਰਗੇ ਸੈਰ-ਸਪਾਟਾ ਕੇਂਦਰਾਂ 'ਤੇ ਫਸ ਹੋਏ ਦੱਸੇ ਜਾਂਦੇ ਹਨ। ਜਾਣਕਾਰੀ ਮੁਤਾਬਕ ਪੁਲੀਸ ਅਤੇ ਸਿਵਲ ਪ੍ਰਸ਼ਾਸਨ ਨੇ ਫਸੇ ਹੋਏ ਸੈਲਾਨੀਆਂ ਤੱਕ ਪਹੁੰਚਣਾ ਸ਼ੁਰੂ ਕਰ ਦਿੱਤਾ ਹੈ, ਉਨ੍ਹਾਂ ਨੂੰ ਗਰਮ ਪੀਣ ਵਾਲੇ ਪਦਾਰਥ ਅਤੇ ਹੋਰ ਜ਼ਰੂਰੀ ਚੀਜ਼ਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਸੜਕ ਤੋਂ ਬਰਫ਼ ਨੂੰ ਸਾਫ਼ ਕਰਨ  ਦਾ ਕੰਮ ਵੀ ਜੰਗੀ ਪੱਧਰ ’ਤੇ ਜਾਰੀ ਹੈ। -ਪੀਟੀਆਈ

Advertisement