ਵੈਟਰਨਰੀ ਡਾਕਟਰਾਂ ਵੱਲੋਂ ‘ਆਪ’ ਸਰਕਾਰ ਖ਼ਿਲਾਫ਼ ਰੋਸ ਮਾਰਚ
ਸੁਰਜੀਤ ਮਜਾਰੀ
ਪੰਜਾਬ ਦੇ ਪਸ਼ੂ ਪਾਲਣ ਵਿਭਾਗ ਦੇ ਵੈਟਰਨਰੀ ਡਾਕਟਰਾਂ ਨੇ ਅੱਜ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿੱਚ ਇਕੱਠੇ ਹੋ ਕੇ ਸੂਬਾ ਪੱਧਰੀ ਧਰਨਾ ਲਾਇਆ ਅਤੇ ਰੋਸ ਮਾਰਚ ਕੱਢਿਆ। ਇਸ ਮੌਕੇ ਸਾਰੇ ਜ਼ਿਲ੍ਹਿਆਂ ਤੋਂ ਵੈਟਰਨਰੀ ਅਫਸਰਾਂ, ਸੀਨੀਅਰ ਵੈਟਰਨਰੀ ਅਫਸਰਾਂ, ਸਹਾਇਕ ਤੇ ਡਿਪਟੀ ਡਾਇਰੈਕਟਰ ਅਹੁਦਿਆਂ ’ਤੇ ਤਾਇਨਾਤ ਡਾਕਟਰ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ।
ਜੁਆਇੰਟ ਐਕਸ਼ਨ ਕਮੇਟੀ ਆਫ ਵੈਟਸ ਫਾਰ ਪੇਅ-ਪੈਰਿਟੀ ਦੇ ਕਨਵੀਨਰ ਡਾ. ਗੁਰਚਰਨ ਸਿੰਘ ਨੇ ਕਿਹਾ ਕਿ ਮੈਡੀਕਲ ਅਫਸਰਾਂ ਨਾਲ 42 ਸਾਲਾਂ ਤੋਂ ਚੱਲ ਰਹੀ ਪੇਅ-ਪੈਰਿਟੀ ਅਤੇ 4, 9, 14 ਸਾਲਾ ਡੀਏਸੀਪੀ ਮੁੜ ਬਹਾਲ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਤਨਖਾਹ ਘਟਾਉਣ ਦੇ ਗੈਰਵਾਜਬ ਕਦਮ ਨੇ ਵੈਟਰਨਰੀ ਭਾਈਚਾਰੇ ਦੇ ਮਨੋਬਲ ਨੂੰ ਸੱਟ ਮਾਰੀ ਹੈ। ਉਨ੍ਹਾਂ ਸਰਕਾਰ ਨੂੰ ਇਸ ਧਰਨੇ ਰਾਹੀਂ ਸ਼ਹੀਦ ਏ ਆਜ਼ਮ ਭਗਤ ਸਿੰਘ ਦੀ ਸੋਚ ਨੂੰ ਯਾਦ ਕਰਵਾਇਆ ਹੈ। ਧਰਨਾਕਾਰੀਆਂ ਨੇ ਸੂਬੇ ਦੇ ਮੁੱਖ-ਮੰਤਰੀ ਭਗਵੰਤ ਸਿੰਘ ਮਾਨ ਨੂੰ ਪੰਜਾਬ ਦੇ ਵੈਟਰਨਰੀ ਡਾਕਟਰਾਂ ਦੀਆਂ ਮੰਗਾਂ ਨੂੰ ਤੁਰੰਤ ਦਖਲ ਦੇ ਕੇ ਹੱਲ ਕਰਵਾਉਣ ਦੀ ਅਪੀਲ ਕੀਤੀ।
ਕਮੇਟੀ ਦੇ ਕੋ-ਕਨਵੀਨਰ ਡਾ. ਪੁਨੀਤ ਮਲਹੋਤਰਾ ਅਤੇ ਡਾ. ਅਬਦੁਲ ਮਜੀਦ ਨੇ ਕਿਹਾ ਕਿ ਇਸ ਸਬੰਧੀ ਪਿਛਲੇ ਦੋ ਸਾਲਾਂ ਤੋਂ ਸਰਕਾਰ ਨਾਲ ਕਈ ਵਾਰ ਮੀਟਿੰਗਾਂ ਹੋਈਆਂ ਅਤੇ ਸਰਕਾਰ ਵੱਲੋਂ ਭਰੋਸੇ ਵੀ ਦਿੱਤੇ ਗਏ ਪਰ ਅਜੇ ਤੱਕ ਇਸ ਅਸਮਾਨਤਾ ਨੂੰ ਖਤਮ ਕਰਨ ਹਿੱਤ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤੀ ਗਈ।
ਜੁਆਇੰਟ ਐਕਸ਼ਨ ਕਮੇਟੀ ਆਫ ਵੈਟਸ ਫਾਰ ਪੇਅ-ਪੈਰਿਟੀ ਦੇ ਮੀਡੀਆ ਐਡਵਾਈਜ਼ਰ ਡਾ. ਗੁਰਿੰਦਰ ਸਿੰਘ ਵਾਲੀਆ ਤੇ ਕਮੇਟੀ ਦੇ ਕੋਆਰਡੀਨੇਟਰ ਡਾ. ਤੇਜਿੰਦਰ ਸਿੰਘ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇ ਸਰਕਾਰ ਤੁਰੰਤ ਕਾਰਵਾਈ ਕਰਕੇ ਮਸਲੇ ਹੱਲ ਨਹੀਂ ਕਰਦੀ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਡਾਕਟਰਾਂ ਨੇ ਪਿਛਲੀ ਤੇ ਮੌਜੂਦਾ ਸਰਕਾਰਾਂ ਦੀ ਨੀਤੀਆਂ ’ਤੇ ਸਵਾਲ ਉਠਾਏ।
ਧਰਨੇ ਨੂੰ ਡਾ. ਅਮਿਤ ਨੈਨ, ਡਾ. ਗੁਰਦੀਪ ਸਿੰਘ, ਡਾ. ਹਰਮਨ ਜੋਸਨ, ਡਾ. ਵਿਪਿਨਦੀਪ ਬਰਾੜ, ਡਾ. ਸੁਖਰਾਜ ਬਲ, ਡਾ. ਸਾਹਿਲ ਭਿੰਡਰ, ਡਾ. ਜਸਲੀਨ ਕੌਰ ਅਤੇ ਡਾ. ਅਕਸ਼ਪ੍ਰੀਤ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਉਨ੍ਹਾਂ ਦੇ ਪਵਿੱਤਰ ਅਸਥਾਨ ’ਤੇ ਪਹੁੰਚ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਤੋਂ ਬਾਅਦ ਉਨ੍ਹਾਂ ਦੇ ਜੱਦੀ ਘਰ ਤੱਕ ਸਰਕਾਰ ਖ਼ਿਲਾਫ਼ ਰੋਸ ਮਾਰਚ ਕੀਤਾ ਗਿਆ।