ਵੈਟਰਨਰੀ ਡਾਕਟਰਾਂ ਵੱਲੋਂ ਸਰਕਾਰ ਖ਼ਿਲਾਫ਼ ਖਟਕੜ ਕਲਾਂ ’ਚ ਸੰਘਰਸ਼ ਦਾ ਐਲਾਨ
ਪੰਜਾਬ ਸਰਕਾਰ ਵੱਲੋਂ ਮੰਗਾਂ ਨਾ ਮੰਨਣ ਤੋਂ ਵੈਟਰਨਰੀ ਡਾਕਟਰ ਔਖੇ ਹਨ। ਡਾਕਟਰਾਂ ਨੇ ਮੰਗਾਂ ਮੰਨਵਾਉਣ ਲਈ 11 ਅਗਸਤ ਨੂੰ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿੱਚ ਸੂਬਾ ਪੱਧਰੀ ਧਰਨਾ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਸਰਕਾਰ ’ਤੇ ਵਾਅਦਾਖ਼ਿਲਾਫ਼ੀ ਕਰਨ ਦੇ ਦੋਸ਼ ਲਾਏ। ਜੁਆਇੰਟ ਐਕਸ਼ਨ ਕਮੇਟੀ ਫ਼ਾਰ ਵੈਟਸ ਫਾਰ ਪੇਅ-ਪੈਰਿਟੀ ਦੇ ਕਨਵੀਨਰ ਗੁਰਚਰਨ ਸਿੰਘ ਤੇ ਕੋ-ਕਨਵੀਨਰ ਪੁਨੀਤ ਮਲਹੋਤਰਾ ਨੇ ਦੱਸਿਆ ਕਿ ਉਹ ਪਿਛਲੇ ਸਾਢੇ ਚਾਰ ਸਲਾਂ ਤੋਂ ਮੈਡੀਕਲ ਡਾਕਟਰਾਂ ਨਾਲ ਪੇਅ-ਪੈਰਿਟੀ ਅਤੇ ਡੀਏਸੀਪੀ ਨੂੰ ਬਹਾਲ ਕਰਵਾਉਣ ਲਈ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਵਿਭਾਗ ਦੇ ਮੰਤਰੀ ਸਣੇ ਹੋਰ ਮੰਤਰੀਆਂ ਦੀ ਕਮੇਟੀ ਨਾਲ ਵੀ ਉਨ੍ਹਾਂ ਦੀਆਂ ਕਈ ਵਾਰ ਮੀਟਿੰਗਾਂ ਹੋਈ ਪਰ ਲਾਰਿਆਂ ਤੋਂ ਸਿਵਾਏ ਕੁਝ ਹਾਸਲ ਨਹੀਂ ਹੋਇਆ, ਜਿਸ ਕਾਰਨ ਸੂਬੇ ਦੇ ਵੈਟਰਨਰੀ ਡਾਕਟਰਾਂ ’ਚ ਰੋਸ ਹੈ।
ਉਨ੍ਹਾਂ ਕਿਹਾ ਕਿ ਵੈਟਰਨਰੀ ਡਾਕਟਰਾਂ ਦੀ ਮੈਡੀਕਲ ਅਫ਼ਸਰਾਂ ਨਾਲ ਚੱਲ ਰਹੀ ਪੇਅ-ਪੈਰਿਟੀ ਨੂੰ 2021 ਵਿੱਚ ਕਾਂਗਰਸ ਸਰਕਾਰ ਵੱਲੋਂ ਖ਼ਤਮ ਕਰ ਦਿੱਤਾ ਗਿਆ ਸੀ। ਆਗੂਆਂ ਨੇ ਦੱਸਿਆ ਕਿ 11 ਅਗਸਤ ਸੋਮਵਾਰ ਨੂੰ ਖਟਕੜ ਕਲਾਂ ਵਿੱਚ ਰੋਸ ਪ੍ਰਦਰਸ਼ਨ ਕਰ ਕੇ ਉਹ ਪੰਜਾਬ ਸਰਕਾਰ ਨੂੰ ਉਨ੍ਹਾਂ ਦੀ ਸ਼ਹੀਦ ਭਗਤ ਸਿੰਘ ਦੀ ਸੋਚ ਨੂੰ ਯਾਦ ਕਰਵਾਉਣ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਕਿਹਾ ਕਿ ਇਸ ਧਰਨੇ ਵਿੱਚ ਰਾਜ ਦੇ ਸਮੁੱਚੇ ਵੈਟਰਨਰੀ ਅਫ਼ਸਰਾਂ ਸਣੇ ਸੀਨੀਅਰ ਵੈਟਰਨਰੀ ਅਫ਼ਸਰ, ਡਿਪਟੀ ਡਾਇਰੈਕਟਰ, ਸਹਾਇਕ ਡਾਇਰੈਕਟਰ ਅਤੇ ਸੇਵਾਮੁਕਤ ਵੈਟਰਨਰੀ ਡਾਕਟਰ ਵੀ ਸ਼ਿਰਕਤ ਕਰਨਗੇ।