ਵੇਰਕਾ ਆਊਟਸੋਰਸ ਮੁਲਾਜ਼ਮਾਂ ਵੱਲੋਂ ਪੱਕਾ ਧਰਨਾ ਸ਼ੁਰੂ
ਵੇਰਕਾ ਮਿਲਕ ਅਤੇ ਕੈਟਲਫੀਡ ਪਲਾਂਟ ਆਊਟਸੋਰਸ ਮੁਲਾਜ਼ਮ ਯੂਨੀਅਨ ਵੱਲੋਂ ਮਿਲਕ ਪਲਾਟਾਂ ਦੇ ਗੇਟਾਂ ’ਤੇ ਆਊਟਸੋਰਸ ਮੁਲਾਜ਼ਮਾਂ ਨੂੰ ਰੈਗੂਲਰ ਕੀਤੇ ਜਾਣ ਦੀ ਮੰਗ ਲਈ ਤਿੰਨ ਦਿਨਾਂ ਤੋਂ ਚੱਲ ਰਹੇ ਧਰਨੇ ਨੂੰ ਅਣਮਿੱਥੇ ਸਮੇਂ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਪ੍ਰਧਾਨ ਜਿਤੇਂਦਰ ਸਿੰਘ ਨੇ ਕਿਹਾ ਕਿ ਵੇਰਕਾ ਮੈਨੇਜਮੈਂਟ ਲੰਬੇ ਸਮੇਂ ਤੋਂ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕਰ ਰਹੀ ਹੈ। ਪਿਛਲੇ ਤਿੰਨ ਦਿਨਾਂ ਤੋਂ ਆਊਟਸੋਰਸ ਮੁਲਾਜ਼ਮ ਮਿਲਕ ਪਲਾਟਾਂ ਦੇ ਗੇਟਾਂ ’ਤੇ ਰੋਸ ਪ੍ਰਦਰਸ਼ਨ ਕਰ ਰਹੇ ਹਨ ਪਰ ਵੇਰਕਾ ਮੈਨੇਜਮੈਂਟ ਵੱਲੋਂ ਕੋਈ ਸਥਾਈ ਹੱਲ ਕੱਢਣ ਦੀ ਬਜਾਇ ਕੋਈ ਮੀਟਿੰਗ ਤੱਕ ਨਹੀਂ ਕੀਤੀ ਗਈ। ਚੱਲ ਰਹੇ ਧਰਨੇ ਵਿੱਚ ਭਰਾਤਰੀ ਜਥੇਬੰਦੀਆਂ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਮਜ਼ਦੂਰਾਂ ਦੇ ਜਥੇ ਲੈ ਕੇ ਪੁੱਜੀਆਂ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਵੀ ਪਹਿਲੀਆਂ ਸਰਕਾਰਾਂ ਦੀ ਤਰ੍ਹਾਂ ਸਾਮਰਾਜੀ-ਪੱਖੀ ਨੀਤੀਆਂ ਨੂੰ ਤੇਜ਼ੀ ਨਾਲ ਲਾਗੂ ਕਰ ਰਹੀ ਹੈ। ਕਿਸਾਨ ਯੂਨੀਅਨਾਂ ਦੇ ਆਗੂਆਂ ਸਾਬਕਾ ਚੇਅਰਮੈਨ ਮਿਲਕ ਪਲਾਂਟ ਮਹਾਲੀ ਪ੍ਰਮਿੰਦਰ ਸਿੰਘ ਚਲਾਕੀ, ਪਰਮਦੀਪ ਸਿੰਘ ਬੈਦਵਾਣ, ਦਵਿੰਦਰ ਸਿੰਘ ਦੇਹ ਕਲਾਂ, ਰੇਸ਼ਮ ਸਿੰਘ ਬਡਾਲੀ, ਅੰਗਰੇਜ਼ ਸਿੰਘ, ਸਤਨਾਮ ਸਿੰਘ ਸੱਤਾ ਨੇ ਵੀ ਸੰਬੋਧਨ ਕੀਤਾ। ਜਲ ਸਪਲਾਈ ਯੂਨੀਅਨ ਦੇ ਪ੍ਰਧਾਨ ਵਰਿੰਦਰ ਸਿੰਘ ਮੋਮੀ, ਪਾਵਰਕੌਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਬਲਿਹਾਰ ਸਿੰਘ, ਬਲਵਿੰਦਰ ਸੈਣੀ, ਜਤਿੰਦਰ ਸਿੰਘ, ਰਜਿੰਦਰ ਕੁਮਾਰ ਨੇ ਸਾਥੀਆਂ ਸਣੇ ਹਾਜ਼ਰੀ ਲਵਾਈ।