ਫ਼ਿਰੋਜ਼ਪੁਰ-ਦਿੱਲੀ ਰੂਟ ’ਤੇ ਵੰਦੇ ਭਾਰਤ ਰੇਲ ਗੱਡੀ ਮਨਜ਼ੂਰ
ਭਾਜਪਾ ਆਗੂ ਕੁਲਵੰਤ ਰਾਏ ਕਟਾਰੀਆ ਨੇ ਦੱਸਿਆ ਕਿ ਸਾਬਕਾ ਮੰਤਰੀ ਤੇ ਭਾਜਪਾ ਦੇ ਸੀਨੀਅਰ ਆਗੂ ਰਾਣਾ ਗੁਰਮੀਤ ਸਿੰਘ ਸੋਢੀ ਦੀ ਸਿਫ਼ਾਰਿਸ਼ 'ਤੇ ਰੇਲ ਮੰਤਰੀ ਨੇ ਫ਼ਿਰੋਜ਼ਪੁਰ ਤੋਂ ਦਿੱਲੀ ਰੂਟ ’ਤੇ ਵੰਦੇ ਭਾਰਤ ਰੇਲ ਸ਼ੁਰੂ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਇਹ ਰੇਲ ਗੱਡੀ ਫ਼ਿਰੋਜ਼ਪੁਰ ਛਾਉਣੀ ਰੇਲਵੇ ਸਟੇਸ਼ਨ ਤੋਂ ਰੋਜ਼ਾਨਾ ਸਵੇਰੇ 7:55 'ਤੇ ਚੱਲ ਕੇ ਵਾਇਆ ਫ਼ਰੀਦਕੋਟ, ਬਠਿੰਡਾ, ਪਟਿਆਲਾ, ਅੰਬਾਲਾ, ਪਾਣੀਪਤ ਬਾਅਦ ਦੁਪਹਿਰ 2:30 ਵਜੇ ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਪਹੁੰਚੇਗੀ। ਉਸੇ ਦਿਨ ਸ਼ਾਮ 4 ਵਜੇ ਇਹ ਰੇਲ ਗੱਡੀ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਚੱਲ ਕੇ ਰਾਤ 10 ਵਜੇ ਫ਼ਿਰੋਜ਼ਪੁਰ ਛਾਉਣੀ ਰੇਲਵੇ ਸਟੇਸ਼ਨ 'ਤੇ ਪੁੱਜੇਗੀ। ਇਹ ਰੇਲ ਗੱਡੀ ਇਲਾਕੇ ਦੇ ਰੇਲ ਯਾਤਰੀਆਂ ਲਈ ਬੜੀ ਲਾਭਦਾਇਕ ਸਿੱਧ ਹੋਵੇਗੀ। ਕਟਾਰੀਆ ਨੇ ਕਿਹਾ ਕਿ ਰਾਣਾ ਸੋਢੀ ਦੇ ਯਤਨਾਂ ਸਦਕਾ ਫ਼ਿਰੋਜ਼ਪੁਰ ਤੋਂ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਨਾਂਦੇੜ ਸਾਹਿਬ ਤੇ ਹਰਿਦੁਆਰ ਲਈ ਪਹਿਲਾਂ ਹੀ ਦੋ ਰੇਲ ਗੱਡੀਆਂ ਸ਼ੁਰੂ ਹੋ ਚੁੱਕੀਆਂ ਹਨ। ਇਸ ਉਪਰਾਲੇ ਲਈ ਕੁਲਵੰਤ ਰਾਏ ਕਟਾਰੀਆ, ਰਾਜੇਸ਼ ਗੁਪਤਾ, ਰਵਿੰਦਰ ਗਰਗ, ਸ਼ਿਮਲਾ ਰਾਣੀ, ਨਾਇਬ ਸਿੰਘ ਰਾਜਪੂਤ, ਗੁਰਤੇਜ ਸਿੰਘ ਔਲਖ, ਦਰਸ਼ਨ ਸਿੰਘ ਫਿੱਡੇ ਤੇ ਦਿਲਬਾਗ ਸਿੰਘ ਪਤਲੀ ਆਦਿ ਨੇ ਕੇਂਦਰ ਦੀ ਭਾਜਪਾ ਸਰਕਾਰ ਦਾ ਧੰਨਵਾਦ ਕੀਤਾ ਹੈ।