ਅਮਰੀਕਾ-ਭਾਰਤ ਵਪਾਰ ਸਮਝੌਤਾ ਸਿਰੇ ਚੜ੍ਹਨ ਦੇ ਨੇੜੇ: ਟਰੰਪ
ਨਿਊ ਯਾਰਕ/ਵਾਸ਼ਿੰਗਟਨ, 8 ਜੁਲਾਈ
ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਅਮਰੀਕਾ, ਭਾਰਤ ਨਾਲ ਵਪਾਰ ਸਮਝੌਤਾ ਕਰਨ ਦੇ ਬਹੁਤ ਨੇੜੇ ਹੈ। ਅਮਰੀਕੀ ਸਦਰ ਨੇ ਅੱਜ ਕਿਹਾ, ‘‘ਹੁਣ, ਅਸੀਂ ਯੂਨਾਈਟਿਡ ਕਿੰਗਡਮ (ਬਰਤਾਨੀਆ) ਨਾਲ ਸਮਝੌਤਾ ਕੀਤਾ ਹੈ, ਅਸੀਂ ਚੀਨ ਨਾਲ ਸਮਝੌਤਾ ਕੀਤਾ ਹੈ...ਅਸੀਂ ਭਾਰਤ ਨਾਲ ਸਮਝੌਤਾ ਕਰਨ ਦੇ ਬਹੁਤ ਨੇੜੇ ਹਾਂ, ਜਿਨ੍ਹਾਂ ਹੋਰਨਾਂ ਨੂੰ ਅਸੀਂ ਮਿਲੇ ਸੀ ਅਤੇ ਸਾਨੂੰ ਨਹੀਂ ਲੱਗਦਾ ਕਿ ਅਸੀਂ ਕੋਈ ਸਮਝੌਤਾ ਕਰ ਸਕਾਂਗੇ, ਇਸ ਲਈ ਅਸੀਂ ਉਨ੍ਹਾਂ ਨੂੰ ਪੱਤਰ ਭੇਜੇ ਹਨ। ਜੇ ਤੁਸੀਂ ਅਮਰੀਕਾ ਨਾਲ ਵਪਾਰ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਨ੍ਹਾਂ ਟੈਕਸਾਂ ਦੀ ਅਦਾਇਗੀ ਕਰਨੀ ਹੋਵੇਗੀ।’’
ਅਮਰੀਕੀ ਰਾਸ਼ਟਰਪਤੀ ਨੇ ਇਹ ਟਿੱਪਣੀਆਂ ਅਜਿਹੇ ਮੌਕੇ ਕੀਤੀਆਂ ਹਨ, ਜਦੋਂ ਟਰੰਪ ਪ੍ਰਸ਼ਾਸਨ ਨੇ ਸੋਮਵਾਰ ਨੂੰ ਵੱਖ-ਵੱਖ ਦੇਸ਼ਾਂ ਨੂੰ ‘ਪੱਤਰਾਂ’ ਦੀ ਪਹਿਲੀ ਕਿਸ਼ਤ ਭੇਜੀ ਹੈ, ਜਿਸ ਵਿੱਚ ਉਨ੍ਹਾਂ ਦੇਸ਼ਾਂ ਦੇ ਉਤਪਾਦਾਂ ’ਤੇ ਅਮਰੀਕਾ ਵੱਲੋਂ ਲਗਾਏ ਜਾਣ ਵਾਲੇ ਦਰਾਮਦ ਟੈਕਸਾਂ ਦਾ ਵੇਰਵਾ ਦਿੱਤਾ ਗਿਆ ਸੀ। ਟਰੰਪ ਦੇ ਦਸਤਖ਼ਤ ਵਾਲੇ ਇਹ ਪੱਤਰ, ਜਿਨ੍ਹਾਂ ਮੁਲਕਾਂ ਨੂੰ ਭੇਜੇ ਗਏ ਹਨ, ਉਨ੍ਹਾਂ ਵਿਚ ਬੰਗਲਾਦੇਸ਼, ਬੋਸਨੀਆ, ਹਰਜ਼ੇਗੋਵਿਨਾ, ਕੰਬੋਡੀਆ, ਇੰਡੋਨੇਸ਼ੀਆ, ਜਾਪਾਨ, ਕਜ਼ਾਖਸਤਾਨ, ਲਾਓ ਪੀਪਲਜ਼ ਡੈਮੋਕਰੈਟਿਕ ਰਿਪਬਲਿਕ, ਮਲੇਸ਼ੀਆ, ਸਰਬੀਆ, ਦੱਖਣੀ ਅਫ਼ਰੀਕਾ, ਦੱਖਣੀ ਕੋਰੀਆ, ਥਾਈਲੈਂਡ ਤੇ ਟਿਊਨੀਸ਼ੀਆ ਸ਼ਾਮਲ ਹਨ। ਟਰੰਪ ਨੇ ਕਿਹਾ, ‘‘ਅਸੀਂ ਵੱਖ ਵੱਖ ਮੁਲਕਾਂ ਨੂੰ ਪੱਤਰ ਭੇਜ ਰਹੇ ਹਾਂ ਕਿ ਉਨ੍ਹਾਂ ਨੂੰ ਕਿੰਨੇ ਟੈਕਸ ਦੀ ਅਦਾਇਗੀ ਕਰਨੀ ਹੋਵੇਗੀ।’’ ਟਰੰਪ ਨੇ ਕਿਹਾ ਕਿ ਇਹ ਮੁਲਕ ਅਮਰੀਕਾ ਨੂੰ ‘ਲੁੱਟ’ ਰਹੇ ਸਨ ਅਤੇ ‘ਸਾਡੇ ਤੋਂ ਇੰਨੇ ਜ਼ਿਆਦਾ ਟੈਕਸ ਵਸੂਲ ਰਹੇ ਸਨ ਕਿ ਜਿਹੜੇ ਪਹਿਲਾਂ ਕਦੇ ਕਿਸੇ ਨੇ ਨਹੀਂ ਦੇਖੇ। ਸਾਡੇ ਕੋਲ ਕੁਝ ਦੇਸ਼ ਹਨ ਜੋ 200 ਫੀਸਦ ਟੈਰਿਫ ਵਸੂਲ ਰਹੇ ਸਨ ਅਤੇ ਕਾਰੋਬਾਰ ਕਰਨਾ ਅਸੰਭਵ ਬਣਾ ਰਹੇ ਸਨ।’’ ਟਰੰਪ ਵ੍ਹਾਈਟ ਹਾਊਸ ਵਿੱਚ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਰਾਤ ਦੇ ਭੋਜਨ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਦੌਰਾਨ ਟਰੰਪ ਨੇ ਮੁੜ ਦਾਅਵਾ ਕੀਤਾ ਕਿ ਉਨ੍ਹਾਂ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਰੋਕਣ ਵਿਚ ਅਹਿਮ ਭੂਮਿਕਾ ਨਿਭਾਈ ਸੀ। ਟਰੰਪ ਨੇ ਕਿਹਾ ਕਿ ਉਨ੍ਹਾਂ ਦੋਵਾਂ ਮੁਲਕਾਂ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਉਹ ਲੜਾਈ ਜਾਰੀ ਰੱਖਦੇ ਹਨ ਤਾਂ ਵਾਸ਼ਿੰਗਟਨ ਉਨ੍ਹਾਂ ਨਾਲ ਵਪਾਰ ਨਹੀਂ ਕਰੇਗਾ। -ਪੀਟੀਆਈ
ਜਵਾਬੀ ਟੈਕਸ ’ਤੇ ਰੋਕ ਵਧਣ ਨਾਲ ਭਾਰਤ ਨੂੰ ਰਾਹਤ
ਨਵੀਂ ਦਿੱਲੀ: ਅਮਰੀਕਾ ਵੱਲੋਂ ਜਵਾਬੀ ਟੈਕਸ ਦੀ ਮੁਅੱਤਲੀ ਨੂੰ ਪਹਿਲੀ ਅਗਸਤ ਤੱਕ ਵਧਾਏ ਜਾਣ ਨਾਲ ਭਾਰਤੀ ਬਰਾਮਦਕਾਰਾਂ ਨੂੰ ਰਾਹਤ ਮਿਲੇਗੀ। ਇਸ ਦੇ ਨਾਲ ਹੀ ਭਾਰਤ ਤੇ ਅਮਰੀਕਾ ਨੂੰ ਵਪਾਰ ਸਮਝੌਤੇ ਨੂੰ ਅੰਤਿਮ ਰੂਪ ਦੇਣ ਅਤੇ ਹੋਰ ਮਸਲੇ ਸੁਲਝਾਉਣ ਲਈ ਵਾਧੂ ਸਮਾਂ ਮਿਲੇਗਾ। ਟਰੰਪ ਵੱਲੋਂ ਜਿਨ੍ਹਾਂ ਮੁਲਕਾਂ ਨੂੰ ਜਵਾਬੀ ਟੈਕਸ ਲਾਏ ਜਾਣ ਸਬੰਧੀ ਪੱਧਰ ਭੇਜੇ ਗਏ ਹਨ ਉਨ੍ਹਾਂ ’ਚ ਭਾਰਤ ਦਾ ਨਾਂ ਨਹੀਂ ਹੈ। ਅਮਰੀਕੀ ਰਾਸ਼ਟਰਪਤੀ ਨੇ ਇੱਕ ਵੱਖਰੇ ਕਾਰਜਕਾਰੀ ਹੁਕਮ ’ਚ ਕਈ ਹੋਰ ਮੁਲਕਾਂ ’ਤੇ ਵਧਾਇਆ ਗਿਆ ਟੈਕਸ ਟਾਲਣ ਦੀ ਮਿਆਦ 1 ਅਗਸਤ ਤੱਕ ਵਧਾ ਦਿੱਤੀ ਹੈ। -ਪੀਟੀਆਈ
ਭਾਰਤ-ਪਾਕਿ ਸੰਘਰਸ਼ ਰੁਕਵਾਇਆ: ਟਰੰਪ
ਵਾਸ਼ਿੰਗਟਨ ਡੀਸੀ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਬੀਤੇ ਦਿਨ ਮੁੜ ਦਾਅਵਾ ਕੀਤਾ ਕਿ ਉਨ੍ਹਾਂ ਪਹਿਲਗਾਮ ਅਤਿਵਾਦੀ ਹਮਲੇ ਮਗਰੋਂ ਹਾਲ ਹੀ ਵਿੱਚ ਭਾਰਤ-ਪਾਕਿਸਤਾਨ ਸੰਘਰਸ਼ ਨੂੰ ਵਧਣ ਤੋਂ ਰੋਕ ਦਿੱਤਾ ਸੀ। ਟਰੰਪ ਨੇ ਕਿਹਾ ਕਿ ਪ੍ਰਮਾਣੂ ਜੰਗ ਹੋ ਸਕਦੀ ਸੀ ਅਤੇ ਸੰਘਰਸ਼ ਨੂੰ ਰੋਕਣਾ ਜ਼ਰੂਰੀ ਸੀ। ਉਨ੍ਹਾਂ ਕਿਹਾ, ‘ਅਸੀਂ ਬਹੁਤ ਸਾਰੀਆਂ ਲੜਾਈਆਂ ਰੋਕੀਆਂ ਹਨ। ਭਾਰਤ ਤੇ ਪਾਕਿਸਤਾਨ ਵਿਚਾਲੇ ਲੜਾਈ ਬਹੁਤ ਵੱਡੀ ਸੀ। ਅਸੀਂ ਵਪਾਰ ਦੇ ਮੁੱਦੇ ’ਤੇ ਇਸ ਨੂੰ ਰੋਕਿਆ। ਅਸੀਂ ਭਾਰਤ ਤੇ ਪਾਕਿਸਤਾਨ ਨਾਲ ਕੰਮ ਕਰ ਰਹੇ ਹਾਂ। ਅਸੀਂ ਕਿਹਾ ਕਿ ਜੇ ਤੁਸੀਂ ਲੜਨ ਵਾਲੇ ਹੋ ਤਾਂ ਅਸੀਂ ਤੁਹਾਡੇ ਨਾਲ ਬਿਲਕੁਲ ਵੀ ਕੰਮ ਨਹੀਂ ਕਰਾਂਗੇ। ਉਹ ਸ਼ਾਇਦ ਪ੍ਰਮਾਣੂ ਹਥਿਆਰ ਦੀ ਵਰਤੋਂ ਦੇ ਨੇੜੇ ਸਨ। ਇਸ ਨੂੰ ਰੋਕਣਾ ਜ਼ਰੂਰੀ ਸੀ।’ ਇਸ ਤੋਂ ਪਹਿਲਾਂ 18 ਜੂਨ ਨੂੰ ਵੀ ਟਰੰਪ ਨੇ ਭਾਰਤ-ਪਾਕਿ ਵਿਚਾਲੇ ਜੰਗ ਰੁਕਵਾਉਣ ਦਾ ਦਾਅਵਾ ਕੀਤਾ ਸੀ। ਉਨ੍ਹਾਂ ਵ੍ਹਾਈਟ ਹਾਊਸ ’ਚ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ, ‘ਮੈਂ ਦੋਹਾਂ ਪ੍ਰਮਾਣੂ ਤਾਕਤਾਂ ਵਿਚਾਲੇ ਜੰਗ ਰੁਕਵਾ ਦਿੱਤੀ। ਮੈਂ ਪਾਕਿਸਤਾਨ ਨੂੰ ਪਿਆਰ ਕਰਦਾ ਹਾਂ। ਮੈਨੂੰ ਲਗਦਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਇੱਕ ਸ਼ਾਨਦਾਰ ਵਿਅਕਤੀ ਹਨ। ਮੈਂ ਲੰਘੀ ਰਾਤ ਉਨ੍ਹਾਂ ਨਾਲ ਗੱਲ ਕੀਤੀ। ਅਸੀਂ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨਾਲ ਵਪਾਰ ਸਮਝੌਤਾ ਕਰਾਂਗੇ। -ਏਐੱਨਆਈ
ਪ੍ਰਧਾਨ ਮੰਤਰੀ ਮੋਦੀ ਚੁੱਪ ਕਦੋਂ ਤੋੜਨਗੇ: ਕਾਂਗਰਸ
ਨਵੀਂ ਦਿੱਲੀ: ਕਾਂਗਰਸ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਭਾਰਤ-ਪਾਕਿ ਸੰਘਰਸ਼ ਰੁਕਵਾਉਣ ਦਾ ਮੁੜ ਦਾਅਵਾ ਕੀਤੇ ਜਾਣ ਮਗਰੋਂ ਅੱਜ ਸਵਾਲ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ’ਤੇ ਆਪਣੀ ਚੁੱਪ ਕਦੋਂ ਤੋੜਨਗੇ? ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਇਹ ਵੀ ਦਾਅਵਾ ਕੀਤਾ ਕਿ ਟਰੰਪ ਨੇ 59 ਦਿਨਾਂ ਅੰਦਰ ਘੱਟੋ ਘੱਟ 21ਵੀਂ ਵਾਰ ਭਾਰਤ ਤੇ ਪਾਕਿਸਤਾਨ ਵਿਚਾਲੇ ਸੰਘਰਸ਼ ਰੁਕਵਾਉਣ ਦਾ ਸਿਹਰਾ ਖੁਦ ਲਿਆ ਹੈ। ਉਨ੍ਹਾਂ ਸਵਾਲ ਕੀਤਾ, ‘ਨਰਿੰਦਰ ਮੋਦੀ ਇਸ ਮੁੱਦੇ ’ਤੇ ਆਪਣੀ ਚੁੱਪ ਕਦੋਂ ਤੋੜਨਗੇ ਜਿਨ੍ਹਾਂ ਨੂੰ ਕਦੀ ਉਨ੍ਹਾਂ ਦੇ ਸੀਨੀਅਰ ਸਹਿਯੋਗੀ ਘਨਸ਼ਿਆਮ ਤਿਵਾੜੀ ਨੇ ‘ਭਾਜਪਾ ਦਾ ਟਰੰਪ ਕਾਰਡ’ ਕਿਹਾ ਸੀ।’ -ਪੀਟੀਆਈ