ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅਮਰੀਕਾ ਨੇ 73 ਸਾਲਾ ‘ਗੈਰ-ਦਸਤਾਵੇਜ਼ੀ’ ਸਿੱਖ ਬੀਬੀ ਨੂੰ 33 ਸਾਲਾਂ ਬਾਅਦ ਡਿਪੋਰਟ ਕੀਤਾ

ਪਰਿਵਾਰ ਵੱਲੋਂ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਪ੍ਰਦਰਸ਼ਨ; ਤੁਰੰਤ ਰਿਹਾਈ ਦੀ ਮੰਗ; ICE ਅਧਿਕਾਰੀਆਂ ਨੇ ਵਾਧੂ ਕਾਗਜ਼ਾਤ ਲਈ ਸਾਂ ਫਰਾਂਸਿਸਕੋ ਦਫ਼ਤਰ ਸੱਦ ਕੇ ਹਿਰਾਸਤ ਵਿੱਚ ਲਿਆ
Advertisement
ਅਮਰੀਕਾ ਵਿੱਚ 30 ਸਾਲਾਂ ਤੋਂ ਵੱਧ ਸਮੇਂ ਤੋਂ ਰਹਿ ਰਹੀ ਇੱਕ 73 ਸਾਲਾ ‘ਗੈਰ-ਦਸਤਾਵੇਜ਼ੀ’ ਸਿੱਖ ਬੀਬੀ ਨੂੰ ਇਸ ਹਫ਼ਤੇ ਦੇ ਸ਼ੁਰੂ ਵਿੱਚ ਕੈਲੀਫੋਰਨੀਆ ਵਿੱਚ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਅਲਵਿਦਾ ਕਹਿਣ ਦਾ ਮੌਕਾ ਦਿੱਤੇ ਬਿਨਾਂ ਹਿਰਾਸਤ ਵਿੱਚ ਲੈਣ ਮਗਰੋਂ ਭਾਰਤ ਭੇਜ ਦਿੱਤਾ।

ਇਹ ਜਾਣਕਾਰੀ ਬੁੱਧਵਾਰ ਨੂੰ ਇੱਕ ਇੰਸਟਾਗ੍ਰਾਮ ਪੋਸਟ ਵਿੱਚ ਦਿੰਦਿਆਂ ਵਕੀਲ ਦੀਪਕ ਆਹਲੂਵਾਲੀਆ ਨੇ ਕਿਹਾ, ‘‘ਬੀਬੀ ਜੀ (ਹਰਜੀਤ ਕੌਰ) ਪੰਜਾਬ ਵਾਪਸ ਜਾ ਰਹੀ ਹੈ। ਉਹ ਪਹਿਲਾਂ ਹੀ ਭਾਰਤ ਪਹੁੰਚ ਚੁੱਕੀ ਹੈ।’’

Advertisement

ਹਰਜੀਤ ਕੌਰ ਨੂੰ ਕੈਲੀਫੋਰਨੀਆ ਵਿੱਚ ਇਮੀਗ੍ਰੇਸ਼ਨ ਅਧਿਕਾਰੀਆਂ ਦੁਆਰਾ ਨਿਯਮਤ ਜਾਂਚ ਲਈ ਸੱਦਣ ਮਗਰੋਂ ਹਿਰਾਸਤ ਵਿੱਚ ਲੈ ਲਿਆ ਗਿਆ ਸੀ, ਜਿਸ ਕਾਰਨ ਬੀਬੀ ਦੇ ਪਰਿਵਾਰ ਅਤੇ ਸਿੱਖ ਭਾਈਚਾਰੇ ਵਿੱਚ ਰੋਸ ਦੀ ਲਹਿਰ ਹੈ।

ਇੱਕ ਗੈਰ-ਮੁਨਾਫ਼ਾ ਨਿਊਜ਼ ਪੋਰਟਲ, ਬਰਕਲੇਸਾਈਡ ਦੀ ਇੱਕ ਰਿਪੋਰਟ ਵਿੱਚ ਪਹਿਲਾਂ ਕਿਹਾ ਗਿਆ ਸੀ ਕਿ ਹਰਜੀਤ ਕੌਰ 33 ਸਾਲਾਂ ਤੋਂ ਉੱਤਰੀ ਕੈਲੀਫੋਰਨੀਆ ਦੇ ਈਸਟ ਬੇਅ ਵਿੱਚ ਰਹਿੰਦੀ ਹੈ। ਉਸ ਨੂੰ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ (ICE) ਦੇ ਅਧਿਕਾਰੀਆਂ ਨੇ ਇੱਕ ਰੁਟੀਨ ਜਾਂਚ ਦੌਰਾਨ ਹਿਰਾਸਤ ਵਿੱਚ ਲਿਆ ਸੀ। ਉਸ ਦੇ ਪਰਿਵਾਰ ਨੇ ਸਿੱਖ ਭਾਈਚਾਰੇ ਦੇ ਸੈਂਕੜੇ ਮੈਂਬਰਾਂ ਨਾਲ ਮਿਲ ਕੇ ਹਰਜੀਤ ਕੌਰ ਦੀ ਤੁਰੰਤ ਰਿਹਾਈ ਦੀ ਮੰਗ ਕਰਦਿਆਂ ਪ੍ਰਦਰਸ਼ਨ ਕੀਤਾ, ਜਿਸ ਨੂੰ ICE ਅਧਿਕਾਰੀਆਂ ਨੇ ਵਾਧੂ ਕਾਗਜ਼ਾਤ ਲਈ ਸਾਂ ਫਰਾਂਸਿਸਕੋ ਦੇ ਦਫ਼ਤਰ ਸੱਦਣ ਮਗਰੋਂ ਹਿਰਾਸਤ ਵਿੱਚ ਲੈ ਲਿਆ ਗਿਆ ਸੀ। ਆਹਲੂਵਾਲੀਆ ਨੇ ਕਿਹਾ ਕਿ ਹਰਜੀਤ ਕੌਰ ਨੂੰ ਫਿਰ ਬੇਕਰਸਫੀਲਡ ਦੇ ਇੱਕ ਨਜ਼ਰਬੰਦੀ ਕੇਂਦਰ ਵਿੱਚ ਲਿਜਾਇਆ ਗਿਆ।

ਪੋਸਟ ਵਿੱਚ ਆਹਲੂਵਾਲੀਆ ਨੇ ਦਾਅਵਾ ਕੀਤਾ ਕਿ ਹਰਜੀਤ ਕੌਰ ਨੂੰ ਬੇਕਰਸਫੀਲਡ ਤੋਂ ਲਾਸ ਏਂਜਲਸ ਲਿਜਾਇਆ ਗਿਆ, ਜਿੱਥੇ ਉਸ ਨੂੰ ਜਾਰਜੀਆ ਅਤੇ ਫਿਰ ਨਵੀਂ ਦਿੱਲੀ ਲਈ ਇੱਕ ਫਲਾਈਟ ਵਿੱਚ ਰੱਖਿਆ ਗਿਆ।ਵਕੀਲ ਨੇ ਇਹ ਵੀ ਦਾਅਵਾ ਕੀਤਾ ਕਿ ਹਰਜੀਤ ਕੌਰ ਦੇ ਪਰਿਵਾਰਕ ਮੈਂਬਰਾਂ ਨੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਸ ਨੂੰ ਵਾਪਸ ਭੇਜਣ ਤੋਂ ਪਹਿਲਾਂ ਰਿਸ਼ਤੇਦਾਰਾਂ ਨੂੰ ਅੰਤਿਮ ਅਲਵਿਦਾ ਕਹਿਣ ਦਾ ਮੌਕਾ ਦਿੱਤਾ ਜਾਵੇ ਪਰ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ।

ਆਹਲੂਵਾਲੀਆ ਨੇ ਦੱਸਿਆ, ‘‘ਅਸੀਂ ਉਸ ਦੇ ਯਾਤਰਾ ਦਸਤਾਵੇਜ਼ ਪ੍ਰਾਪਤ ਕਰਨ ਦੇ ਯੋਗ ਸੀ। ਅਸੀਂ ICE ਵਕੀਲ ਅਤੇ ਸਰਕਾਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਕਿ ਉਹ ਇੱਕ ਵਪਾਰਕ ਉਡਾਣ ’ਤੇ ਰਵਾਨਾ ਹੋ ਗਏ। ਅਸੀਂ ਸੋਮਵਾਰ ਲਈ ਇੱਕ ਟਿਕਟ ਬੁੱਕ ਕੀਤੀ। ਅਸੀਂ ਅਧਿਕਾਰੀਆਂ ਨੂੰ ankle ਨਿਗਰਾਨੀ ਹੇਠ ਉਸ ਨੂੰ ਅੰਤਿਮ ਅਲਵਿਦਾ ਕਹਿਣ ਦਾ ਮੌਕਾ ਦੇਣ ਲਈ 24-48 ਘੰਟਿਆਂ ਲਈ ਰਿਹਾਅ ਕਰਨ ਲਈ ਵੀ ਕਿਹਾ।’’

ਆਹਲੂਵਾਲੀਆ ਨੇ ਦਾਅਵਾ ਕੀਤਾ, ‘‘ਪਰ ਸ਼ਨਿਚਰਵਾਰ ਸਵੇਰੇ 2 ਵਜੇ ਦੇ ਕਰੀਬ, ਉਹ ਉਸ ਨੂੰ ਬੇਕਰਸਫੀਲਡ ਤੋਂ ਲੈ ਗਏ, ਮਗਰੋਂ ਉਸ ਨੂੰ ਹੱਥਕੜੀਆਂ ਲਗਾ ਕੇ ਲਾਸ ਏਂਜਲਸ ਲੈ ਗਏ ਅਤੇ ਵਕੀਲ ਨੂੰ ਸੂਚਿਤ ਕੀਤੇ ਬਿਨਾਂ, ਜਾਂ ਕੋਈ ਪਹਿਲਾਂ ਤੋਂ ਸੂਚਨਾ ਦਿੱਤੇ ਬਿਨਾਂ ਹਰਜੀਤ ਕੌਰ ਨੂੰ ਜਾਰਜੀਆ ਦੀ ਇੱਕ ਉਡਾਣ ’ਤੇ ਬਿਠਾ ਦਿੱਤਾ।’’ਉਨ੍ਹਾਂ ਦੱਸਿਆ ਕਿ ਜਾਰਜੀਆ ਵਿੱਚ ਹਰਜੀਤ ਕੌਰ ਨੂੰ ਨਜ਼ਰਬੰਦਾਂ ਲਈ ਬਣਾਈ ਇੱਕ ਅਸਥਾਈ ਸਹੂਲਤ ਵਿੱਚ ਰੱਖਿਆ ਗਿਆ ਸੀ।

ਆਹੂਲਵਾਲੀਆ ਨੇ ਦੱਸਿਆ, ‘‘ਹਰਜੀਤ ਕੌਰ ਨੂੰ ਲਗਭਗ 60-70 ਘੰਟਿਆਂ ਲਈ ਬਿਸਤਰਾ ਵੀ ਨਹੀਂ ਦਿੱਤਾ ਗਿਆ ਅਤੇ ਕੰਬਲ ਨਾਲ ਫਰਸ਼ ’ਤੇ ਸੌਣ ਲਈ ਮਜਬੂਰ ਕੀਤਾ ਗਿਆ। ਉਹ ਉੱਠਣ ਵਿੱਚ ਅਸਮਰੱਥ ਸੀ ਕਿਉਂਕਿ ਉਸ ਦੀ ਗੋਡੇ ਬਦਲਣ ਦੀ ਦੋਹਰੀ ਸਰਜਰੀ ਹੋਈ ਸੀ।’’

ਉਨ੍ਹਾਂ ਦੱਸਿਆ, ‘‘ਹਰਜੀਤ ਕੌਰ ਨੂੰ ਹਿਰਾਸਤ ਦੌਰਾਨ ਨਹਾਉਣ ਵੀ ਨਹੀਂ ਦਿੱਤਾ ਗਿ ਸੀ। ਸੋਮਵਾਰ ਨੂੰ ਉਡਾਣ ਤੋਂ ਪਹਿਲਾਂ, ਉਸਨੂੰ ਅਤੇ ਕੁਝ ਹੋਰ ਨਜ਼ਰਬੰਦਾਂ ਨੂੰ ਗਿੱਲੇ ਕੱਪੜੇ ਦਿੱਤੇ ਗਏ ਸਨ ਅਤੇ ਜਾਰਜੀਆ ਤੋਂ ਅਰਮੀਨੀਆ ਜਾਣ ਵਾਲੇ ਜਹਾਜ਼ ਵਿੱਚ ਚੜ੍ਹਨ ਤੋਂ ਪਹਿਲਾਂ ਸਾਫ਼ ਕਰਨ ਲਈ ਕਿਹਾ ਗਿਆ ਸੀ। ਅਰਮੀਨੀਆ ਤੋਂ, ਉਹ ਇੱਕ ICE ਚਾਰਟਰਡ ਜਹਾਜ਼ ਵਿੱਚ ਦਿੱਲੀ ਆਈ ਸੀ।

ਆਹਲੂਵਾਲੀਆ ਨੇ ਕਿਹਾ, ‘‘ਸ਼ੁਕਰ ਹੈ, ਉਨ੍ਹਾਂ ਹਰਜੀਤ ਕੌਰ ਨੂੰ ਹੱਥਕੜੀ ਨਹੀਂ ਲਗਾਈ ਸੀ, ਜਿਵੇਂ ਕਿ ਪਹਿਲਾਂ ਡਿਪੋਰਟ ਕੀਤੇ ਨਾਗਰਿਕਾਂ ਨਾਲ ਕੀਤਾ ਗਿਆ ਸੀ। ਇੱਕ ਅਧਿਕਾਰੀ ਨੇ ਹੱਥਕੜੀ ਲਾਉਣ ਦੀ ਕੋਸ਼ਿਸ਼ ਕੀਤੀ ਸੀ ਉਸ ਦੇ ਸਾਥੀ ਨੇ ਉਸ ਨੂੰ ਉਮਰ ਦਾ ਲਿਹਾਜ਼ ਕਰਦਿਆਂ ਅਜਿਹਾ ਕਰਨ ਤੋਂ ਰੋਕਿਆ।’’

ABC7News ਵਿੱਚ ਇੱਕ ਪੁਰਾਣੀ ਰਿਪੋਰਟ ਮੁਤਾਬਕ ਹਰਜੀਤ ਕੌਰ ਕਥਿਤ ਤੌਰ ’ਤੇ ਗੈਰ-ਦਸਤਾਵੇਜ਼ੀ ਸੀ।

ਉਹ 1992 ਵਿੱਚ ਦੋ ਪੁੱਤਰਾਂ ਨਾਲ ਇੱਕ ਇਕੱਲੀ ਮਾਂ ਵਜੋਂ ਅਮਰੀਕਾ ਪਹੁੰਚੀ ਸੀ।

ਉਸ ਦੀ ਨੂੰਹ ਮਨਜੀਤ ਕੌਰ ਨੇ ਪਹਿਲਾਂ ਦੱਸਿਆ ਸੀ ਕਿ 2012 ਵਿੱਚ ਹਰਜੀਤ ਕੌਰ ਦਾ asylum ਕੇਸ ਰੱਦ ਕਰ ਦਿੱਤਾ ਗਿਆ ਸੀ ਪਰ ਉਦੋਂ ਤੋਂ ਉਹ 13 ਸਾਲਾਂ ਤੋਂ ਵੱਧ ਸਮੇਂ ਲਈ ਹਰ ਛੇ ਮਹੀਨਿਆਂ ਦੌ ਾਨ ਸਾਂ ਫਰਾਂਸਿਸਕੋ ਵਿੱਚ ICE ਨੂੰ ‘ਵਫ਼ਾਦਾਰੀ ਨਾਲ ਰਿਪੋਰਟ’ ਕਰਦੀ ਰਹੀ।

ਬਰਕਲੇਸਾਈਡ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ‘‘ICE ਨੇ ਉਸ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਉਸ ਦੇ ਯਾਤਰਾ ਦਸਤਾਵੇਜ਼ ਪ੍ਰਾਪਤ ਹੋਣ ਤੱਕ ਵਰਕ ਪਰਮਿਟ ਦੇ ਨਾਲ ਨਿਗਰਾਨੀ ਹੇਠ ਸੰਯੁਕਤ ਰਾਜ ਅਮਰੀਕਾ ਵਿੱਚ ਰਹਿ ਸਕਦੀ ਹੈ।’’

ਹਰਜੀਤ ਕੌਰ ਦੀ ਹਿਰਾਸਤ ਤੋਂ ਬਾਅਦ ਕੈਲੀਫੋਰਨੀਆ ਵਿੱਚ ਵਿਰੋਧ ਪ੍ਰਦਰਸ਼ਨ ਹੋਏ, ਜਿੱਥੇ ਪ੍ਰਦਰਸ਼ਨਕਾਰੀਆਂ ਨੇ ਤਖ਼ਤੀਆਂ ’ਤੇ ‘ਸਾਡੀ ਦਾਦੀ ਨੂੰ ਰਿਹਾਅ ਕਰੋ’ ਅਤੇ ‘ਦਾਦੀ ਨੂੰ ਘਰ ਲਿਆਓ’ ਲਿਖ ਕੇ ਉਸ ਦੀ ਰਿਹਾਈ ਦੀ ਮੰਗ ਕੀਤੀ।

ਰਿਪੋਰਟ ਮੁਤਾਬਕ ਹਰਜੀਤ ਕੌਰ ਦੇ ਅਮਰੀਕਾ ਵਿੱਚ ਦੋ ਪੋਤੇ ਅਤੇ ਤਿੰਨ ਪੋਤੀਆਂ ਹਨ। ਉਹ ਹੋਰ ਰਿਸ਼ਤੇਦਾਰਾਂ ਨਾਲ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਇੱਕ ਭਾਰਤੀ ਕੱਪੜਿਆਂ ਦੀ ਦੁਕਾਨ ਵਿੱਚ ਕੰਮ ਕਰਦੀ ਸੀ।

ਉਸ ਦੀ ਇੱਕ ਪੋਤੀ ਸੁਖਦੀਪ ਕੌਰ ਨੇ ਹਰਜੀਤ ਕੌਰ ਨੂੰ ਇੱਕ ‘ਸੁਤੰਤਰ, ਨਿਰਸਵਾਰਥ ਅਤੇ ਮਿਹਨਤੀ ਔਰਤ’ ਵਜੋਂ ਦਰਸਾਇਆ, ਜੋ (ਸਮਾਜ ਲਈ) ‘ਮਾਂ ਦੀ ਸ਼ਖ਼ਸੀਅਤ’ ਵਰਗੀ ਸੀ।

ਪਰਿਵਾਰਕ ਮੈਂਬਰਾਂ ਨੇ ਹਰਜੀਤ ਕੌਰ ਦੀ ਸਿਹਤ ’ਤੇ ਵੀ ਚਿੰਤਾ ਜ਼ਾਹਰ ਕੀਤੀ। ਉਨ੍ਹਾਂ ਦਾਅਵਾ ਕਰਦਿਆਂ ਕਿਹਾ ਕਿ ਇਸ ਉਮਰ ਦੀ ਔਰਤ ਨੂੰ ਥਾਇਰਾਇਡ, ਮਾਈਗ੍ਰੇਨ, ਗੋਡਿਆਂ ਦੇ ਦਰਦ ਅਤੇ ਚਿੰਤਾ ਵਰਗੀਆਂ ਗੰਭੀਰ ਸਿਹਤ ਸਮੱਸਿਆਵਾਂ ਨਾਲ ਗ੍ਰਸਤ ਰੱਖਣ ਕਾਰਨ ਉਸ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ।

Advertisement
Tags :
#HarjitKaur#ImmigrationDetention#SikhWomanBringGrandmaHomeCaliforniaProtestDeportationEastBayhumanrightsICEPunjabi NewsPunjabi TribunePunjabi tribune latestpunjabi tribune updateUndocumentedImmigrantਪੰਜਾਬੀ ਖ਼ਬਰਾਂਪੰਜਾਬੀ ਟ੍ਰਿਬਿਊਨ
Show comments