ਨਵਜੋਤ ਸਿੱਧੂ ਦੇ ਬਿਆਨ ਮਗਰੋਂ ਪੰਜਾਬ ਕਾਂਗਰਸ ’ਚ ਹਲਚਲ
ਸਾਬਕਾ ਮੰਤਰੀ ਡਾ. ਨਵਜੋਤ ਕੌਰ ਸਿੱਧੂ ਵੱਲੋਂ ਨਵਜੋਤ ਸਿੰਘ ਸਿੱਧੂ ਬਾਰੇ ਦਿੱਤੇ ਬਿਆਨ ਕਾਰਨ ਪੰਜਾਬ ਕਾਂਗਰਸ ਵਿੱਚ ਹਲਚਲ ਪੈਦਾ ਹੋ ਗਈ ਹੈ। ਉਨ੍ਹਾਂ ਦੇ ਇਸ ਕਥਿਤ ਬਿਆਨ ਦਾ ਕਾਂਗਰਸ ਅੰਦਰੋਂ ਵਿਰੋਧ ਸ਼ੁਰੂ ਹੋ ਗਿਆ ਹੈ ਕਿ ਕਾਂਗਰਸ ਦਾ ਮੁੱਖ ਮੰਤਰੀ ਬਣਨ ਲਈ 500 ਕਰੋੜ ਰੁਪਏ ਦੇਣੇ ਪੈਂਦੇ ਹਨ। ਹਾਲਾਂਕਿ, ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਪੰਜਾਬ ਕਾਂਗਰਸ ਵਿੱਚ ਨਵਜੋਤ ਸਿੱਧੂ ਦਾ ਸਰਗਰਮ ਹੋਣਾ ਜ਼ਰੂਰੀ ਹੈ।
ਪਟਿਆਲਾ ਤੋਂ ਸਸੰਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਸਾਢੇ ਤਿੰਨ ਸਾਲਾਂ ਤੋਂ ਪੰਜਾਬ ਕਾਂਗਰਸ ਦੇ ਵਰਕਰ ਤੇ ਆਗੂ ਪੁਲੀਸ ਦੀ ਧੱਕੇਸ਼ਾਹੀ ਦਾ ਸ਼ਿਕਾਰ ਹਨ ਅਤੇ ਕੇਸਾਂ ਵਿੱਚ ਉਲਝੇ ਰਹੇ; ਅਚਾਨਕ ਹੀ ਉਸ ਵਿਅਕਤੀ ਨੂੰ ਮੁੱਖ ਮੰਤਰੀ ਬਣਾਉਣ ਦਾ ਐਲਾਨ ਕਿਵੇਂ ਕੀਤਾ ਜਾ ਸਕਦਾ ਹੈ, ਜਿਸ ਨੇ ਕਈ ਸਾਲਾਂ ਤੋਂ ਉਨ੍ਹਾਂ ਦੀ ਸਾਰ ਨਹੀਂ ਲਈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਅਜਿਹਾ ਵਿਅਕਤੀ ਹੈ, ਜਿਸ ਨੇ ਇਕੱਲਿਆਂ ਹੀ ਲੋਕਤੰਤਰ ਨੂੰ ਬਚਾਉਣ ਲਈ ਜੰਗ ਸ਼ੁਰੂ ਕੀਤੀ ਹੋਈ ਹੈ। ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਵੀ ਬੇਦਾਗ਼ ਹਨ। ਇਸ ਲਈ ਹਾਈਕਮਾਨ ’ਤੇ ਮੁੱਖ ਮੰਤਰੀ ਬਣਾਉਣ ਲਈ 500 ਕਰੋੜ ਲੈਣ ਦਾ ਦੋਸ਼ ਲਾਉਣਾ ਗ਼ਲਤ ਹੈ ਅਤੇ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਪੰਜਾਬ ਕਾਂਗਰਸ ਦੀ ਮਹਿਲਾ ਕਾਂਗਰਸ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਨੇ ਕਿਹਾ ਕਿ ਪਾਰਟੀ ਦੀ ਮਜ਼ਬੂਤੀ ਲਈ ਸੀਨੀਅਰ ਆਗੂ ਜ਼ੋਰ-ਸ਼ੋਰ ਨਾਲ ਕੰਮ ਕਰ ਰਹੇ ਹਨ। ਕੀ ਚਰਨਜੀਤ ਚੰਨੀ ਜਾਂ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਬਣਾਉਣ ਲਈ ਕਿਸੇ ਨੇ 500 ਕਰੋੜ ਲਏ ਸਨ। ਉਨ੍ਹਾਂ ਦੋਸ਼ ਲਾਇਆ ਕਿ ਬੀਬੀ ਨਵਜੋਤ ਕੌਰ ਖ਼ੁਦ ਚੋਣ ਲੜਨਾ ਚਾਹੁੰਦੀ ਹੈ। ਨਵਜੋਤ ਸਿੱਧੂ ਦੇ ਨਜ਼ਦੀਕੀਆਂ ਵਿੱਚ ਮੰਨੇ ਜਾਂਦੇ ਸਾਬਕਾ ਵਿਧਾਇਕ ਰਾਜਿੰਦਰ ਸਿੰਘ (ਕਾਕਾ), ਜੋ ਟਕਸਾਲੀ ਕਾਂਗਰਸੀ ਲਾਲ ਸਿੰਘ ਦੇ ਪੁੱਤਰ ਹਨ, ਨੇ ਕਿਹਾ ਕਿ ਜਾਪਦਾ ਹੈ ਕਿ ਬੀਬੀ ਨਵਜੋਤ ਕੌਰ ਦੀ ਜ਼ੁਬਾਨ ਟਪਲਾ ਖਾ ਗਈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਖ਼ਿਲਾਫ਼ 22 ਕੇਸ ਚੱਲ ਰਹੇ ਹਨ, ਉਸ ’ਤੇ ਕੋਈ ਵੀ ਦੋਸ਼ ਨਹੀਂ ਲਗਾਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਪੰਜਾਬ ਕਾਂਗਰਸ ਨੂੰ ਮਜ਼ਬੂਤ ਕਰਨਾ ਚਾਹੁੰਦੇ ਹਨ।
ਕਾਂਗਰਸ ਦਾ ਸਿਸਟਮ ਬਹੁਤ ਗੰਧਲਾ: ਨੀਲ ਗਰਗ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਆਮ ਆਦਮੀ ਪਾਰਟੀ (ਆਪ) ਦੇ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਨਵਜੋਤ ਕੌਰ ਸਿੱਧੂ ਦੇ ਬਿਆਨ ਨੇ ਸਪਸ਼ਟ ਕਰ ਦਿੱਤਾ ਕਿ ਕਾਂਗਰਸ ਦਾ ਸਿਸਟਮ ਬਹੁਤ ਗੰਧਲਾ ਹੈ। ਉਨ੍ਹਾਂ ਸ੍ਰੀਮਤੀ ਸਿੱਧੂ ਨੂੰ ਸਵਾਲ ਕੀਤਾ ਕਿ ਜੇਕਰ ਕਾਂਗਰਸ ਪਾਰਟੀ ਵਿੱਚ ਸਿਸਟਮ ਬਹੁਤ ਗੰਧਲਾ ਹੈ ਤਾਂ ਉਹ ਮੁੱਖ ਮੰਤਰੀ ਬਣਨ ਲਈ ਤਰਲੋਮੱਛੀ ਕਿਉਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਸਣੇ ਹੋਰਨਾਂ ਰਾਜਸੀ ਪਾਰਟੀਆਂ ਦਾ ਸਿਸਟਮ ਭ੍ਰਿਸ਼ਟ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਪਾਰਟੀਆਂ ਵਿੱਚ ਮੁੱਖ ਮੰਤਰੀ ਬਣਨ ਲਈ 500 ਕਰੋੜ ਰੁਪਏ ਦੇਣੇ ਪੈ ਰਹੇ ਹੋਣ, ਉਹ ਪੰਜਾਬ ਦੇ ਨੌਜਵਾਨਾਂ ਦੇ ਰੁਜ਼ਗਾਰ, ਸਿਹਤ ਸਹੂਲਤਾਂ, ਸਿੱਖਿਆ ਜਾਂ ਚੰਗੀਆਂ ਸੜਕਾਂ ਬਣਾਉਣ ਦੀ ਗੱਲ ਨਹੀਂ ਕਰ ਸਕਦੀਆਂ। ਉਹ ਪੰਜਾਬੀਆਂ ਨੂੰ ਕਦੇ ਵੀ ਇਮਾਨਦਾਰ ਸਿਸਟਮ ਨਹੀਂ ਦੇ ਸਕਦੀਆਂ।
