ਹਸਪਤਾਲ ’ਚ ਨਵਜੰਮੇ ਦੀ ਮੌਤ ਮਗਰੋਂ ਹੰਗਾਮਾ
(ਗਗਨਦੀਪ ਅਰੋੜਾ): ਟਿੱਬਾ ਰੋਡ ’ਤੇ ਨਿੱਜੀ ਹਸਪਤਾਲ ’ਚ ਅੱਜ ਨਵਜੰਮ ਬੱਚੇ ਦੀ ਮੌਤ ਹੋਣ ਕਾਰਨ ਉਸ ਦੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੇ ਸੜਕ ’ਤੇ ਜਾਮ ਲਾ ਦਿੱਤਾ। ਪ੍ਰਦਰਸ਼ਨਕਾਰੀ ਬੱਚੇ ਦੀ ਮੌਤ ਲਈ ਡਾਕਟਰਾਂ ਦੀ ਲਾਪ੍ਰਵਾਹੀ ਨੂੰ ਜ਼ਿੰਮੇਵਾਰ ਠਹਿਰਾ ਰਹੇ ਸਨ। ਇਸ ਦੌਰਾਨ ਥਾਣਾ ਟਿੱਬਾ ਦੀ ਪੁਲੀਸ ਦੇ ਭਰੋਸੇ ਮਗਰੋਂ ਪ੍ਰਦਰਸ਼ਨਕਾਰੀ ਸ਼ਾਂਤ ਹੋ ਗਏ। ਮ੍ਰਿਤਕ ਬੱਚੇ ਦੇ ਪਿਤਾ ਆਸ਼ੂ ਨੇ ਦੱਸਿਆ ਕਿ ਉਸ ਦੀ ਪਤਨੀ ਪਾਇਲ ਗਰਭਵਤੀ ਸੀ ਬੁੱਧਵਾਰ ਸਵੇਰੇ ਡਾਕਟਰਾਂ ਨੇ ਦੱਸਿਆ ਕਿ ਔਰਤ ਨੇ ਮਰੇ ਹੋਏ ਬੱਚੇ ਨੂੰ ਜਨਮ ਦਿੱਤਾ ਹੈ, ਜਦੋਂ ਉਹ ਬੱਚੇ ਨੂੰ ਦਫ਼ਨਾਉਣ ਗਿਆ ਤਾਂ ਉਸ ਨੂੰ ਲੱਗਿਆ ਕਿ ਬੱਚਾ ਸਾਹ ਲੈ ਰਿਹਾ ਹੈ। ਉਹ ਤੁਰੰਤ ਹਸਪਤਾਲ ਵੱਲ ਭੱਜਿਆ, ਜਿੱਥੇ ਡਾਕਟਰ ਨੇ ਦੁਬਾਰਾ ਕਿਹਾ ਕਿ ਬੱਚਾ ਮਰ ਗਿਆ ਹੈ। ਆਸ਼ੂ ਆਪਣੇ ਜਾਣਕਾਰ ਨਾਲ ਬੱਚੇ ਨੂੰ ਸਿਵਲ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਦੱਸਿਆ ਕਿ ਬੱਚਾ ਸਾਹ ਲੈ ਰਿਹਾ ਹੈ। ਸਿਵਲ ਹਸਪਤਾਲ ਦੇ ਡਾਕਟਰਾਂ ਨੇ ਤੁਰੰਤ ਇਲਾਜ ਸ਼ੁਰੂ ਕਰ ਦਿੱਤਾ। ਚਾਲੀ ਮਿੰਟਾਂ ਬਾਅਦ ਬੱਚੇ ਦੀ ਮੌਤ ਹੋ ਗਈ। ਸਿਵਲ ਹਸਪਤਾਲ ਦੇ ਡਾਕਟਰਾਂ ਨੇ ਕਿਹਾ ਕਿ ਜੇ ਬੱਚੇ ਦਾ ਸਮੇਂ-ਸਿਰ ਇਲਾਜ ਹੁੰਦਾ ਤਾਂ ਉਸ ਦੀ ਜਾਨ ਬਚਾਈ ਜਾ ਸਕਦੀ ਸੀ। ਜਾਂਚ ਅਧਿਕਾਰੀ ਸਬ ਇੰਸਪੈਕਟਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਲਾਪ੍ਰਵਾਹੀ ਕਰਨ ਵਾਿਲਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।