ਔਖੇ ਸਮੇਂ ’ਚ ਪੰਜਾਬੀਆਂ ਦੀ ਇਕਜੁੱਟਤਾ ਬੇਮਿਸਾਲ: ਕਟਾਰੀਆ
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਅੱਜ ਹੜ੍ਹ ਪ੍ਰਭਾਵਿਤ ਖੇਤਰ ਡੇਰਾ ਬਾਬਾ ਨਾਨਕ ਤੇ ਕਲਾਨੌਰ ਦਾ ਦੌਰਾ ਕੀਤਾ। ਉਨ੍ਹਾਂ ਨੇ ਪੰਜਾਬ ਸਰਕਾਰ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਬਚਾਅ ਕਾਰਜਾਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਇਸ ਆਫ਼ਤ ਨਾਲ ਨਜਿੱਠਣ ਲਈ ਸਮੂਹ ਪੰਜਾਬੀਆਂ ਨੇ ਜੋ ਇਕਜੁੱਟਤਾ ਦਿਖਾਈ ਹੈ, ਉਹ ਆਪਣੇ-ਆਪ ਵਿੱਚ ਮਿਸਾਲ ਹੈ। ਉਨ੍ਹਾਂ ਡੇਰਾ ਬਾਬਾ ਨਾਨਕ ਵਿੱਚ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਨੇੜੇ ਹੜ੍ਹ ਪ੍ਰਭਾਵਿਤ ਖੇਤਰ ਦਾ ਜਾਇਜ਼ਾ ਲਿਆ। ਡੀਸੀ ਦਲਵਿੰਦਰਜੀਤ ਸਿੰਘ ਨੇ ਉਨ੍ਹਾਂ ਨੂੰ ਦੱਸਿਆ ਕਿ ਕਈ ਥਾਵਾਂ ਤੋਂ ਰਾਵੀ ਦਰਿਆ ਦਾ ਧੁੱਸੀ ਬੰਨ੍ਹ ਟੁੱਟਣ ਕਾਰਨ ਜ਼ਿਲ੍ਹਾ ਗੁਰਦਾਸਪੁਰ ਦੇ ਮਕੌੜਾ ਪੱਤਣ, ਗਾਹਲੜੀ, ਦੋਰਾਂਗਲਾ, ਕਲਾਨੌਰ ਅਤੇ ਡੇਰਾ ਬਾਬਾ ਨਾਨਕ ਇਲਾਕੇ ਦੇ 324 ਪਿੰਡ ਹੜ੍ਹ ਦੇ ਪਾਣੀ ਦੀ ਮਾਰ ਹੇਠ ਆ ਗਏ ਹਨ। ਸ੍ਰੀ ਕਟਾਰੀਆ ਨੇ ਕਿਹਾ ਕਿ ਹੜ੍ਹਾਂ ਦੀ ਮਾਰ ਨਾਲ ਨਜਿੱਠਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਣੇ ਸਮੁੱਚਾ ਮੰਤਰੀ ਮੰਡਲ ਤੇ ਵਿਧਾਇਕ ਵੀ ਰਾਹਤ ਕਾਰਜਾਂ ਵਿੱਚ ਲੱਗੇ ਹੋਏ ਹਨ। ਸ੍ਰੀ ਕਟਾਰੀਆ ਨੇ ਕਿਹਾ ਕਿ ਉਨ੍ਹਾਂ ਦੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਗੱਲ ਹੋਈ ਹੈ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਫੋਨ ਕਰ ਕੇ ਸੂਬੇ ਵਿੱਚ ਹੜ੍ਹਾਂ ਦੀ ਸਥਿਤੀ ਦੀ ਜਾਣਕਾਰੀ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ। ਰਾਜਪਾਲ ਨੇ ਕਿਹਾ ਕਿ ਅਸਲ ਚੁਣੌਤੀ ਹੜ੍ਹਾਂ ਦਾ ਪਾਣੀ ਘਟਣ ਤੋਂ ਬਾਅਦ ਸ਼ੁਰੂ ਹੋਵੇਗੀ। ਉਨ੍ਹਾਂ ਨੇ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਫੈਲਣ ਤੋਂ ਰੋਕਣ ਲਈ ਵੱਧ ਤੋਂ ਵੱਧ ਥਾਵਾਂ ’ਤੇ ਮੈਡੀਕਲ ਟੀਮਾਂ ਤਾਇਨਾਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਰਾਜਪਾਲ ਕਟਾਰੀਆ ਨੇ ਸਰਕਾਰੀ ਮਿਡਲ ਸਕੂਲ ਨੜ੍ਹਾਂਵਾਲੀ ਵਿੱਚ ਸਥਾਪਿਤ ਕੀਤੇ ਰਾਹਤ ਕੈਂਪ ਦਾ ਦੌਰਾ ਕੀਤਾ ਤੇ ਬੇਘਰ ਹੋਏ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਰਾਜਪਾਲ ਨੂੰ ਪੀੜਤ ਲੋਕਾਂ ਦੀ ਮਦਦ ਲਈ ਮੰਗ ਪੱਤਰ ਵੀ ਦਿੱਤਾ। ਇਸ ਮੌਕੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ, ਵਿਧਾਇਕ ਗੁਰਦੀਪ ਸਿੰਘ ਰੰਧਾਵਾ, ਵੀ ਪੀ ਸਿੰਘ, ਡੀ ਸੀ ਦਲਵਿੰਦਰਜੀਤ ਸਿੰਘ, ਡੀ ਆਈ ਜੀ ਨਾਨਕ ਸਿੰਘ, ਐੱਸ ਐੱਸ ਪੀ ਬਟਾਲਾ ਸੋਹੇਲ ਕਾਸਿਮ ਮੀਰ, ਸਹਾਇਕ ਕਮਿਸ਼ਨਰ ਰੁਪਿੰਦਰ ਪਾਲ ਸਿੰਘ ਆਦਿ ਹਾਜ਼ਰ ਸਨ।
ਪਠਾਨਕੋਟ (ਐੱਨ ਪੀ ਧਵਨ): ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਅੱਜ ਸ਼ਾਮ ਨੂੰ ਮਾਧੋਪੁਰ ਹੈੱਡਵਰਕਸ ਪੁੱਜੇ। ਇਸ ਤੋਂ ਪਹਿਲਾਂ ਉਨ੍ਹਾਂ ਰਾਵੀ ਦਰਿਆ ’ਤੇ ਬਣਾਏ ਕਥਲੌਰ ਪੁਲ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਹੜ੍ਹ ਪ੍ਰਭਾਵਿਤ ਇਲਾਕੇ ਲਈ ਸੰਭਵ ਕਦਮ ਚੁੱਕੇ ਜਾ ਰਹੇ ਹਨ। ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਰਾਜਪਾਲ ਨੂੰ ਦੱਸਿਆ ਕਿ ਕਥਲੌਰ ਪੁਲ ਤੋਂ ਲੈ ਕੇ ਕਠਿਆਲਪੁਰਾ ਤੱਕ ਛੇ ਕਿਲੋਮੀਟਰ ਦਾ ਧੁੱਸੀ ਬੰਨ੍ਹ ਬਣਵਾਉਣ ਨਾਲ ਆਪ ਲੋਕਾਂ, ਬੀ ਐੱਸ ਐੱਫ ਅਤੇ ਫ਼ੌਜ ਨੂੰ ਵੀ ਫ਼ਾਇਦਾ ਹੋਵੇਗਾ। ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਕੇਂਦਰ ਸਰਕਾਰ ਤੋਂ ਪੰਜਾਬ ਦੀਆਂ ਵੱਖ-ਵੱਖ ਯੋਜਨਾਵਾਂ ਦੇ ਰੋਕੇ 60 ਹਜ਼ਾਰ ਕਰੋੜ ਰੁਪਏ ਰਿਲੀਜ਼ ਕਰਵਾਏ ਜਾਣ। ਇਸ ਮੌਕੇ ਡੀਸੀ ਆਦਿੱਤਿਆ ਉੱਪਲ, ਐੱਸ ਐੱਸ ਪੀ ਦਲਜਿੰਦਰ ਸਿੰਘ ਢਿੱਲੋਂ ਨੇ ਫ਼ੌਜ ਵੱਲੋਂ ਪ੍ਰਸ਼ਾਸਨ ਨਾਲ ਮਿਲ ਕੇ ਡਰੋਨ ਦੀ ਮਦਦ ਨਾਲ ਦਰਿਆ ’ਤੇ ਨਿਗਰਾਨੀ ਰੱਖੀ ਜਾ ਰਹੀ ਹੈ। ਡੈਮ ਦੇ ਇੰਜਨੀਅਰਾਂ ਨੇ ਰਾਜਪਾਲ ਨੂੰ ਰਣਜੀਤ ਸਾਗਰ ਡੈਮ ਵਿੱਚ ਹਿਮਾਚਲ ਦੀ ਤਰਫੋਂ ਆਏ ਵਾਧੂ ਪਾਣੀ ਤੇ ਮਾਧੋਪੁਰ ਹੈੱਡਵਰਕਸ ਤੋਂ ਛੱਡੇ ਜਾ ਰਹੇ ਪਾਣੀ ਬਾਰੇ ਜਾਣੂ ਕਰਵਾਇਆ।