ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਸਾਨ ਮਹਾਰੈਲੀ ਲਈ ਲਾਮਬੰਦੀ
ਗੁਰਿੰਦਰ ਸਿੰਘ
ਇਥੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਲੈਂਡ ਪੂਲਿੰਗ ਨੀਤੀ ਰੱਦ ਕਰਾਉਣ ਅਤੇ ਹੋਰ ਮੰਗਾਂ ਬਾਰੇ 24 ਅਗਸਤ ਨੂੰ ਸਮਰਾਲਾ ਮੰਡੀ ਵਿੱਚ ਕਿਸਾਨ ਮਹਾਰੈਲੀ ਕਰਨ ਦਾ ਐਲਾਨ ਕੀਤਾ ਗਿਆ ਹੈ। ਪਹਿਲਾਂ ਇਹ ਰੈਲੀ ਮੁੱਲਾਂਪੁਰ ਮੰਡੀ ਵਿੱਚ ਕੀਤੀ ਜਾਣੀ ਸੀ ਪਰ ਉੱਥੇ ਸ਼ੈੱਡਾਂ ਦੀ ਅਣਹੋਂਦ ਤੇ ਹੋਰ ਪ੍ਰਬੰਧਕੀ ਮੁਸ਼ਕਿਲਾਂ ਕਾਰਨ ਸਰਬਸੰਮਤੀ ਨਾਲ ਰੈਲੀ ਦਾ ਸਥਾਨ ਬਦਲਿਆ ਗਿਆ ਹੈ। ਕਰਨੈਲ ਸਿੰਘ ਈਸੜੂ ਭਵਨ ਵਿੱਚ ਵੀਰ ਸਿੰਘ ਬੜਵਾ, ਬਲਵਿੰਦਰ ਸਿੰਘ ਮੱਲੀ ਨੰਗਲ, ਹਰਬੰਸ ਸਿੰਘ ਸੰਘਾ ਅਤੇ ਬਲਵਿੰਦਰ ਸਿੰਘ ਰਾਜੂ ਔਲਖ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਹਰਿੰਦਰ ਸਿੰਘ ਲੱਖੋਵਾਲ ਨੇ ਦੱਸਿਆ ਕਿ ਲੈਂਡ ਪੂਲਿੰਗ ਨੀਤੀ ਅਧੀਨ ਮੁੱਲਾਂਪੁਰ ਇਲਾਕੇ ਦੇ ਨਾਲ-ਨਾਲ ਲੁਧਿਆਣਾ-ਸਮਰਾਲਾ ਇਲਾਕੇ ਦੇ ਵੀ ਦਰਜਨਾਂ ਪਿੰਡਾਂ ਨੂੰ ਵੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਮੀਟਿੰਗ ਦੌਰਾਨ ਪੰਜਾਬ ਭਰ ਵਿੱਚ ਕਿਸਾਨਾਂ ਅਤੇ ਆਮ ਲੋਕਾਂ ਦੀ ਲਾਮਬੰਦੀ ਲਈ ਪਿੰਡ-ਪਿੰਡ ਜਾਗੋ ਕੱਢਣ ਅਤੇ ਢੋਲ ਵਜਾ ਕੇ ਝੰਡਾ ਮਾਰਚ ਕਰਨ ਦਾ ਸੱਦਾ ਵੀ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸੰਯੁਕਤ ਕਿਸਾਨ ਮੋਰਚਾ ਵੱਲੋਂ 13 ਅਗਸਤ ਨੂੰ ਦੇਸ਼ ਵਿਆਪੀ ਸੱਦੇ ਤਹਿਤ ਪਿੰਡਾਂ ਅਤੇ ਬਲਾਕ ਪੱਧਰ ਤੇ ਡੋਨਲਡ ਟਰੰਪ, ਨਰਿੰਦਰ ਮੋਦੀ ਅਤੇ ਭਗਵੰਤ ਮਾਨ ਦੇ ਪੁਤਲੇ ਫੂਕੇ ਜਾਣਗੇ।
ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਨੋਟੀਫਿਕੇਸ਼ਨ ਰੱਦ ਨਾ ਕੀਤਾ ਤਾਂ 24 ਅਗਸਤ ਦੀ ਰੈਲੀ ਦੌਰਾਨ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।
ਮੀਟਿੰਗ ਵਿੱਚ ਰੈਲੀ ਦੇ ਪ੍ਰਬੰਧਾਂ ਲਈ ਛੇ ਮੈਂਬਰੀ ਪ੍ਰਬੰਧਕੀ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਵਿੱਚ ਬਲਬੀਰ ਸਿੰਘ ਰਾਜੇਵਾਲ, ਹਰਿੰਦਰ ਸਿੰਘ ਲੱਖੋਵਾਲ, ਹਰਮੀਤ ਸਿੰਘ ਕਾਦੀਆਂ, ਰਾਮਿੰਦਰ ਸਿੰਘ ਪਟਿਆਲਾ, ਬਲਦੇਵ ਸਿੰਘ ਨਿਹਾਲਗੜ੍ਹ ਅਤੇ ਬਲਜੀਤ ਸਿੰਘ ਗਰੇਵਾਲ ਨੂੰ ਸ਼ਾਮਲ ਕੀਤਾ ਗਿਆ।