ਕੇਂਦਰੀ ਰਾਜ ਮੰਤਰੀ ਵੱਲੋਂ ਘਨੌਰ ਹਲਕੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ
ਸਰਬਜੀਤ ਸਿੰਘ ਭੰਗੂ
ਕਬਾਇਲੀਆਂ ਦੀ ਭਲਾਈ ਬਾਰੇ ਕੇਂਦਰੀ ਰਾਜ ਮੰਤਰੀ ਦੁਰਗਾਦਾਸ ਉਕਾਈ ਨੇ ਅੱਜ ਹਲਕਾ ਘਨੌਰ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ।
ਇਸ ਦੌਰਾਨ ਉਨ੍ਹਾਂ ਖਾਸ ਕਰਕੇ ਦਹਾਕਿਆਂ ਤੋਂ ਹੜ੍ਹਾਂ ਦਾ ਮੁੱਖ ਕਾਰਨ ਬਣਦੇ ਆ ਰਹੇ ਘੱਗਰ ਦਰਿਆ ਦਾ ਮੁਆਇਨਾ ਕੀਤਾ ਅਤੇ ਇਸ ਦੇ ਸਥਾਈ ਹੱਲ ਦਾ ਭਰੋਸਾ ਦਿਵਾਇਆ। ਖਾਦੀ ਗਰਾਮ ਉਦਯੋਗ ਬੋਰਡ ਪੰਜਾਬ ਦੇ ਸਾਬਕਾ ਚੇਅਰਮੈਨ ਅਤੇ ਭਾਜਪਾ ਦੇ ਸੂਬਾਈ ਆਗੂ ਹਰਵਿੰਦਰ ਸਿੰਘ ਹਰਪਾਲਪੁਰ ਤੇ ਹੋਰਾਂ ਵੱਲੋਂ ਕੀਤੇ ਯਤਨਾਂ ਤਹਿਤ ਇੱਥੇ ਪੁੱਜੇ ਕੇਂਦਰੀ ਮੰਤਰੀ ਨੇ ‘ਗੁਰਦੁਆਰਾ ਸ੍ਰੀ ਧੰਨਾ ਭਗਤ ਲਾਛੜੂ ਖੁਰਦ’ ਵਿੱਚ ਪਹੁੰਚ ਕੇ ਲੋਕਾਂ ਦੀਆਂ ਹੜ੍ਹਾਂ ਸਬੰਧੀ ਮੁਸ਼ਕਲਾਂ ਸੁਣੀਆਂ। ਘੱਗਰ ਦਾ ਮੁਆਇਨਾ ਕਰਦਿਆਂ ਉਨ੍ਹਾਂ ਨੇ ਕੇਂਦਰ ਸਰਕਾਰ ਰਾਹੀਂ ਘੱਗਰ ਸਮੱਸਿਆ ਦੇ ਸਥਾਈ ਹੱਲ ਲਈ ਯਤਨ ਜੁਟਾਉਣ ਦਾ ਭਰੋਸਾ ਦਿਵਾਇਆ। ਇਸ ਤੋਂ ਪਹਿਲਾਂ ਕੇਂਦਰੀ ਰਾਜ ਮੰਤਰੀ ਨੇ ਪਿੰਡ ਝੱਜੋ ਅਤੇ ਬੁੱਢਣਪੁਰ ਦਾ ਦੌਰਾ ਵੀ ਕੀਤਾ। ਇਸ ਮੌਕੇ ਸ੍ਰੀ ਹਰਪਾਲਪੁਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਕੇਂਦਰੀ ਰਾਜ ਮੰਤਰੀ ਨੂੰ ਮੰਗ ਪੱਤਰ ਸੌਂਪ ਕੇ ਹੜ੍ਹ ਪੀੜਤ ਕਿਸਾਨਾਂ ਦੇ ਕਰਜ਼ੇ ਤੇ ਵਿਆਜ ਮੁਆਫ ਕਰਨ ਦੀ ਅਪੀਲ ਕੀਤੀ। ਇਸ ਮੌਕੇ ਭਾਜਪਾ ਆਗੂ ਜਗਦੀਸ਼ ਜੱਗਾ, ਮਾੜੂ ਦੇ ਸਰਪੰਚ ਬਲਜਿੰਦਰ ਸਿੰਘ ਬੱਖੂ, ਹਰਵਿੰਦਰ ਸੰਧਾਰਸੀ, ਸੁਲੱਖਣ ਭੰਗੂ, ਦਰਸ਼ਨ ਪੱਬਰੀ, ਬਿਕਰਮ ਸਰਦਾਰਗੜ੍ਹ, ਸਰਪੰਚ ਅਮਰਜੀਤ ਚਮਾਰੂ, ਸਰਦੂਲ ਸਿੰਘ ਚਮਾਰੂ, ਮਹਿੰਦਰ ਚਮਾਰੂ, ਸੁਖਬੀਰ ਵੜੈਚ ਤੇ ਸਾਹਿਲ ਸੂਦ ਮੌੌਜੂਦ ਸਨ।