ਯੂਨੀਅਨ ਬੈਂਕ ਨੇ ਹੜ੍ਹ ਪੀੜਤਾਂ ਲਈ ਦੋ ਕਰੋੜ ਦਿੱਤੇ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਸ਼ੁਰੂ ਕੀਤੇ ‘ਮਿਸ਼ਨ ਚੜ੍ਹਦੀ ਕਲਾ’ ਨੂੰ ਸੂਬੇ ਵਿੱਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਮੁੱਖ ਮੰਤਰੀ ਦੇ ਮਿਸ਼ਨ ਚੜ੍ਹਦੀ ਕਲਾ ਵਿੱਚ ਯੂਨੀਅਨ ਬੈਂਕ ਆਫ਼ ਇੰਡੀਆ ਨੇ ਦੋ ਕਰੋੜ ਰੁਪਏ ਦਾ ਯੋਗਦਾਨ ਪਾਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਕ ਹਜ਼ਾਰ ਤੋਂ ਵੱਧ ਸਮਾਜ ਸੇਵੀ ਪਹਿਲਾਂ ਹੀ ਚੜ੍ਹਦੀ ਕਲਾ ਮਿਸ਼ਨ ਦਾ ਸਮਰਥਨ ਕਰਨ ਲਈ ਅੱਗੇ ਆ ਚੁੱਕੇ ਹਨ। ਯੂਨੀਅਨ ਬੈਂਕ ਆਫ਼ ਇੰਡੀਆ ਹੁਣ ਦੋ ਕਰੋੜ ਰੁਪਏ ਦਾ ਚੈੱਕ ਸੌਂਪ ਕੇ ਯੋਗਦਾਨ ਪਾਉਣ ਵਾਲਿਆਂ ਦੀ ਵਧਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ, ਜਿਸ ਨਾਲ ਹਾਲ ਹੀ ਵਿੱਚ ਹੜ੍ਹਾਂ ਨਾਲ ਤਬਾਹ ਹੋਏ ਸੂਬੇ ਦੇ ਮੁੜ ਨਿਰਮਾਣ ਦੇ ਯਤਨਾਂ ਨੂੰ ਹੋਰ ਮਜ਼ਬੂਤੀ ਮਿਲੀ ਹੈ। ਉਨ੍ਹਾਂ ਕਿਹਾ ਕਿ ਸੂਬੇ ਨੇ ਹਾਲ ਹੀ ਵਿੱਚ ਅਜਿਹੀ ਕੁਦਰਤੀ ਆਫ਼ਤ ਦੇਖੀ ਹੈ, ਜੋ ਪੀੜ੍ਹੀਆਂ ਤੱਕ ਲੋਕਾਂ ਦੇ ਚੇਤਿਆਂ ਵਿੱਚ ਉੱਕਰੀ ਰਹੇਗੀ। ਹੜ੍ਹਾਂ ਨੇ ਸਿਰਫ਼ ਪਾਣੀ ਹੀ ਨਹੀਂ ਲਿਆਂਦਾ, ਸਗੋਂ ਲੱਖਾਂ ਸੁਪਨਿਆਂ ਨੂੰ ਰੋੜ੍ਹ ਦਿੱਤਾ। ਮੁੱਖ ਮੰਤਰੀ ਭਗਵੰਤ ਮਾਨ ਨੇ ਉਮੀਦ ਪ੍ਰਗਟਾਈ ਕਿ ਦੁਨੀਆ ਭਰ ਦੇ ਹੋਰ ਪੰਜਾਬੀ ਆਪਣੇ ਸੁਪਨਿਆਂ ਦੇ ਪੰਜਾਬ ਦੇ ਪੁਨਰ ਨਿਰਮਾਣ ਲਈ ਖੁੱਲ੍ਹ ਕੇ ਯੋਗਦਾਨ ਪਾਉਂਦੇ ਰਹਿਣਗੇ। ਉਨ੍ਹਾਂ ਕਿਹਾ ਕਿ ਹੜ੍ਹ ਪੀੜਤਾਂ ਦੀ ਮਦਦ ਲਈ ਇਕੱਠਾ ਕੀਤਾ ਗਿਆ ਇੱਕ-ਇੱਕ ਪੈਸਾ ਹੜ੍ਹ ਪੀੜਤਾਂ ਦੀ ਭਲਾਈ ਅਤੇ ਮੁੜ-ਵਸੇਬੇ ਲਈ ਸਮਝਦਾਰੀ ਨਾਲ ਖ਼ਰਚਿਆਂ ਜਾਵੇਗਾ।