ਅਣਪਛਾਤਿਆਂ ਨੇ ਪੈਟਰੋਲ ਛਿੜਕ ਕੇ ਦੁਕਾਨ ਨੂੰ ਅੱਗ ਲਾਈ
ਵਪਾਰੀਆਂ ਵੱਲੋਂ ਪੁਲੀਸ ਨੂੰ 24 ਘੰਟੇ ਦਾ ਅਲਟੀਮੇਟਮ
Advertisement
ਇਥੇ ਰੇਲਵੇ ਰੋਡ ’ਤੇ ਤਿੰਨ ਮੰਜ਼ਿਲਾ ਕੱਪੜੇ ਦੀ ਦੁਕਾਨ ਨੂੰ ਬੀਤੀ ਰਾਤ ਦੋ ਅਣਪਛਾਤੇ ਵਿਅਕਤੀਆਂ ਨੇ ਅੱਗ ਲਗਾ ਦਿੱਤੀ। ਪੁਲੀਸ ਨੇ ਅੱਜ ਮੌਕੇ ਦਾ ਜਾਇਜ਼ਾ ਲਿਆ ਪਰ ਫਿਲਹਾਲ ਹਾਲੇ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਦੁਕਾਨ ਨੂੰ ਰਾਤ ਢਾਈ ਵਜੇ ਦੇ ਕਰੀਬ ਮੋਟਰਸਾਈਕਲ ’ਤੇ ਆਏ ਦੋ ਵਿਅਕਤੀਆਂ ਵੱਲੋਂ ਪੈਟਰੋਲ ਛਿੜਕ ਅੱਗ ਲਗਾ ਦਿੱਤੀ ਗਈ। ਇਹ ਘਟਨਾ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ ਹੈ।ਦੁਕਾਨ ਦੇ ਮਾਲਕ ਰੋਸ਼ਨ ਲਾਲ ਨੇ ਦੱਸਿਆ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ, ਫਿਰ ਵੀ ਉਨ੍ਹਾਂ ਦੀ ਜ਼ਿੰਦਗੀ ਭਰ ਦੀ ਕਮਾਈ ਨੂੰ ਅੱਗ ਲਗਾ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਦੁਕਾਨ ਵਿੱਚ ਲੱਖਾਂ ਰੁਪਏ ਦਾ ਕੱਪੜਾ ਸੀ ਜੋ ਸੜ ਕੇ ਸੁਆਹ ਹੋ ਗਿਆ। ਮੌਕੇ ’ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੱਲੋਂ ਅੱਗ ’ਤੇ ਕਾਬੂ ਪਾਇਆ ਗਿਆ ਹੈ। ਇਸ ਘਟਨਾ ਤੋਂ ਬਾਅਦ ਵਪਾਰੀਆਂ ਵਿੱਚ ਰੋਸ ਹੈ। ਵਪਾਰ ਮੰਡਲ ਨੇ ਇਸ ਸਬੰਧ ਵਿੱਚ ਮੀਟਿੰਗ ਸੱਦ ਕੇ ਪੁਲੀਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ 24 ਘੰਟਿਆਂ ਵਿੱਚ ਦੋਸ਼ੀ ਨਾ ਫੜੇ ਗਏ ਤਾਂ ਬਾਜ਼ਾਰ ਮੁਕੰਮਲ ਤੌਰ ’ਤੇ ਬੰਦ ਕੀਤਾ ਜਾਵੇਗਾ।
Advertisement
Advertisement