ਕੇਜਰੀਵਾਲ ਦੇ ਅੰਮ੍ਰਿਤਸਰ ਪਹੁੰਚਣ ਤੋਂ ਪਹਿਲਾਂ ਬੇਰੁਜ਼ਗਾਰ ਅਧਿਆਪਕ ਹਿਰਾਸਤ ’ਚ ਲਏ
ਪੰਜਾਬ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਸਕੂਲ ਆਫ਼ ਐਮੀਨੈਂਸ ਦਾ ਅੱਜ ਉਦਘਾਟਨ ਕਰਨ ਤੋਂ ਪਹਿਲਾਂ ਬੇਰੁਜ਼ਗਾਰ ਅਧਿਆਪਕਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਸ੍ਰੀ ਕੇਜਰੀਵਾਲ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨਾਲ ਮਿਲਕੇ ਸਕੂਲ ਦਾ ਉਦਘਾਟਨ ਨੂੰ ਕਰਨਾ ਹੈ। ਸਮਾਗਮ ਲਈ ਪੰਜਾਬ ਸਰਕਾਰ ਵਲੋਂ ਇਕੱਠ ਕਰਨ ਲਈ ਪੂਰਾ ਜ਼ੋਰ ਲਾਇਆ ਹੋਇਆ ਹੈ। ਇਸ ਸਮਾਗਮ ਵਿਚ ਖ਼ਲਲ ਪੈਣ ਦੇ ਖਦਸ਼ੇ ਕਾਰਨ ਪੰਜਾਬ ਪੁਲੀਸ ਨੇ ਬੇਰੁਜ਼ਗਾਰ ਅਧਿਆਪਕ ਆਗੂਆਂ ਨੂੰ ਹਿਰਾਸਤ ਲੈ ਲਿਆ। ਇਨ੍ਹਾਂ ਅਧਿਆਪਕਾਂ ਵਿਚ ਮਾਨਸਾ ਤੋਂ 646 ਬੇਰੁਜ਼ਗਾਰ ਪੀਟੀਆਈ ਅਧਿਆਪਕ ਯੂਨੀਅਨ ਦੇ ਪ੍ਰਧਾਨ ਗੁਰਲਾਭ ਸਿੰਘ ਨੂੰ ਵੱਡੇ ਤੜਕੇ ਉਸ ਦੇ ਮਾਨਸਾ ਜ਼ਿਲ੍ਹੇ ਵਿੱਚ ਸਥਿਤ ਪਿੰਡ ਹਾਕਮ ਵਾਲਾ ਤੋਂ ਹਿਰਾਸਤ ਲਿਆ ਗਿਆ ਹੈ। ਮਾਨਸਾ ਤੋਂ ਹੀ ਅਧਿਆਪਕ ਆਗੂ ਸਿੱਪੀ ਸ਼ਰਮਾ ਨੂੰ ਪੁਲੀਸ ਨੇ ਸਵੇਰੇ ਸਵੇਰੇ ਘਰ ਤੋਂ ਹਿਰਾਸਤ ਵਿਚ ਲਿਆ ਗਿਆ ਹੈ। ਇਹ ਸਿੱਪੀ ਸ਼ਰਮਾ ਉਹ ਲੜਕੀ ਹੈ, ਜਿਸ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਮੁਹਾਲੀ ਵਿਖੇ ਧਰਨੇ ਵਿੱਚ ਪੁੱਜ ਕੇ ਮੂੰਹ ਬੋਲੀ ਭੈਣ ਕਿਹਾ ਸੀ। ਸਿੱਪੀ ਸ਼ਰਮਾ ਦੀ ਮਾਤਾ ਕਮਲਜੀਤ ਸ਼ਰਮਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਦੋਂ ਹਕੂਮਤਾਂ ਵਲੋਂ ਪੜ੍ਹੇ ਲਿਖੇ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਨਹੀਂ ਦੇਣੀਆਂ ਤਾਂ ਝੂਠੇ ਵਾਅਦੇ ਨਹੀਂ ਕਰਨੇ ਚਾਹੀਦੇ ਅਤੇ ਨਾ ਹੀ ਹੱਕ ਮੰਗਦੇ ਬੱਚਿਆਂ ਨੂੰ ਹਿਰਾਸਤ ਵਿਚ ਲੈਣਾ ਚਾਹੀਦਾ ਹੈ।