ਬੇਰੁਜ਼ਗਾਰਾਂ ਨੇ ਦਸਹਿਰੇ ’ਤੇ ਸਰਕਾਰ ਦਾ ਪੁਤਲਾ ਫ਼ੂਕਿਆ
ਇੱਥੇ ਅੱਜ ਬੇਰੁਜ਼ਗਾਰਾਂ ਵੱਲੋਂ ਰੋਸ ਮਾਰਚ ਕਰਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਸਿਹਤ ਮੰਤਰੀ ਡਾ. ਬਲਬੀਰ ਸਿੰਘ, ‘ਆਪ’ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਅਤੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਚਿਹਰਿਆਂ ਵਾਲਾ ਪੁਤਲਾ ਫੂਕਦਿਆਂ ਦਸਹਿਰਾ ਮਨਾਇਆ ਗਿਆ। ਇਸ ਮੌਕੇ ਸਰਕਾਰ ਨੂੰ ਰਾਵਣ ਰੂਪੀ ਚਿਹਰੇ ਵਾਲੀ ਸਰਕਾਰ ਕਰਾਰ ਦਿੰਦਿਆਂ ਨਾਅਰੇਬਾਜ਼ੀ ਕੀਤੀ ਗਈ। ਬੇਰੁਜ਼ਗਾਰ ਸਾਂਝੇ ਮੋਰਚੇ ਦੀ ਅਗਵਾਈ ਹੇਠ ਬੇਰੁਜ਼ਗਾਰ ਸਥਾਨਕ ਬੀ ਐੱਸ ਐੇੱਨ ਐੱਲ ਪਾਰਕ ਵਿੱਚ ਇਕੱਠੇ ਹੋਏ। ਮਗਰੋਂ ਉਨ੍ਹਾਂ ਪੰਜ ਚਿਹਰਿਆਂ ਵਾਲਾ ਪੁਤਲਾ ਚੁੱਕ ਕੇ ਸ਼ਹਿਰ ਦੇ ਬਾਜ਼ਾਰਾਂ ਵਿੱਚ ਰੋਸ ਮਾਰਚ ਕੀਤਾ ਅਤੇ ਦਿੱਲੀ-ਲੁਧਿਆਣਾ ਪੰਜ ਸਟੇਟ ਹਾਈਵੇਅ ’ਤੇ ਸਥਿਤ ਭਗਵਾਨ ਮਹਾਂਵੀਰ ਚੌਕ ਵਿੱਚ ਪੁੱਜ ਕੇ ‘ਪੰਜਾਬ ਸਰਕਾਰ ਨੂੰ ਅਖੌਤੀ ਰਾਵਣ’ ਕਰਾਰ ਦਿੰਦਿਆਂ ਨਾਅਰੇਬਾਜ਼ੀ ਕੀਤੀ ਅਤੇ ਪੁਤਲਾ ਫੂਕਿਆ। ਇਸ ਮੌਕੇ ਬੇਰੁਜਗਾਰ ਸਾਂਝੇ ਮੋਰਚੇ ਦੇ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ, ਅਮਨ ਸੇਖਾ, ਰਮਨ ਕੁਮਾਰ ਮਲੋਟ, ਹਰਜਿੰਦਰ ਝੁਨੀਰ ਅਤੇ ਹਰਜਿੰਦਰ ਬੁਢਲਾਡਾ ਨੇ ਦੋਸ਼ ਲਾਇਆ ਕਿ ਬੇਰੁਜ਼ਗਾਰਾਂ ਲਈ ਬਦੀ ਦਾ ਪ੍ਰਤੀਕ ਅੱਜ ਦੇ ਅਖੌਤੀ ਰਾਵਣ ‘ਆਪ’ ਸਰਕਾਰ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਢੇ ਤਿੰਨ ਸਾਲਾਂ ਦੇ ਕਾਰਜਕਾਲ ਦੌਰਾਨ ‘ਆਪ’ ਸਰਕਾਰ ਵੱਲੋਂ ਸਿੱਖਿਆ ਵਿਭਾਗ ਵਿੱਚ ਮਾਸਟਰ ਕੇਡਰ, ਲੈਕਚਰਾਰ, ਸਹਾਇਕ ਪ੍ਰੋਫੈਸਰ, ਈਟੀਟੀ ਅਤੇ ਐੱਨਟੀਟੀ ਦੀ ਇੱਕ ਵੀ ਅਸਾਮੀ ਨਹੀਂ ਕੱਢੀ ਗਈ ਅਤੇ ਉਲਟਾ 1158 ਸਹਾਇਕ ਪ੍ਰੋਫੈਸਰ, 343 ਲੈਕਚਰਾਰ, 646 ਅਤੇ 2000 ਪੀ ਟੀ ਆਈ ਸਣੇ ਅਨੇਕਾਂ ਭਰਤੀਆਂ ਰੱਦ ਜ਼ਰੂਰ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਮਾਸਟਰ ਕੇਡਰ ਵਿੱਚ ਥੋਪੀ ਗਈ ਬੇਤੁਕੀ 55 ਫ਼ੀਸਦੀ ਲਾਜ਼ਮੀ ਅੰਕਾਂ ਵਾਲੀ ਸ਼ਰਤ ਵੀ ਰੱਦ ਨਹੀਂ ਕੀਤੀ ਅਤੇ ਅਨੇਕਾਂ ਵਾਰ ਵਾਅਦੇ ਕਰਨ ਦੇ ਬਾਵਜੂਦ ਉਮਰ ਹੱਦ ਵਿਚ ਛੋਟ ਦੇਣ ਦਾ ਵਾਅਦਾ ਵੀ ਪੂਰਾ ਨਹੀਂ ਕੀਤਾ ਗਿਆ। ਇਸ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੇਰੁਜ਼ਗਾਰ ਸਾਂਝੇ ਮੋਰਚੇ ਦੀ ਕੈਬਨਿਟ ਸਬ ਕਮੇਟੀ ਨਾਲ 10 ਅਕਤੂਬਰ ਦੀ ਮੀਟਿੰਗ ਤੈਅ ਕਰਵਾਈ ਗਈ। ਇਸ ਮਗਰੋਂ ਪ੍ਰਦਰਸ਼ਨ ਸਮਾਪਤ ਕੀਤਾ ਗਿਆ। ਇਸ ਮੌਕੇ ਮੋਰਚੇ ਦੇ ਆਗੂ ਗੁਰਪ੍ਰੀਤ ਪੱਕਾ, ਹਰਵਿੰਦਰ ਸਿੰਘ, ਕਰਮਜੀਤ ਸਿੰਘ, ਅਮਨਦੀਪ ਕੌਰ, ਮਨਜੀਤ ਕੌਰ, ਸੰਦੀਪ ਮੋਫ਼ਰ, ਮਾਲਵਿੰਦਰ ਸਿੰਘ, ਮੁਨੀਸ਼ ਟੈਂਕੀ ਵਾਲਾ, ਲਵਪ੍ਰੀਤ ਕੌਰ ਮੋਗਾ, ਨਿਰਮਲ ਸਿੰਘ ਵਿੱਕੀ ਮੋਗਾ, ਸੁਖਪਾਲ ਸਿੰਘ, ਰਿੰਕੂ ਝਾੜੋਂ, ਗੁਰਮੁਖ ਸਿੰਘ, ਅਵਤਾਰ ਸਿੰਘ, ਹਰਸ਼ਰਨ ਸਿੰਘ ਬਰਨਾਲਾ ਮੌਜੂਦ ਸਨ।