ਬੇਕਾਬੂ ਓਵਰਲੋਡ ਬੱਸ ਦਰੱਖਤ ਨਾਲ ਟਕਰਾਈ
ਇੱਥੇ ਅੱਜ ਪਿੰਡ ਫ਼ਰੀਦਪੁਰ ਕੋਲ ਸਵੇਰੇ 7.30 ਵਜੇ ਦੇ ਕਰੀਬ ਪੀਆਰਟੀਸੀ ਦੀ ਬੱਸ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾਅ ਗਈ। ਇਸ ਹਾਦਸੇ ਕਾਰਨ ਡਰਾਈਵਰ ਸਣੇ ਕਈ ਸਵਾਰੀਆਂ ਜ਼ਖ਼ਮੀ ਹੋ ਗਈਆਂ। ਕੰਡਕਟਰ ਮੁਤਾਬਕ ਬੱਸ ਵਿੱਚ 100 ਤੋਂ ਵੱਧ ਸਵਾਰੀਆਂ ਸਨ। ਇਸ ਕਾਰਨ ਬੱਸ ਦੀਆਂ ਕਮਾਣੀਆਂ ਟੁੱਟ ਗਈਆਂ ਅਤੇ ਬੱਸ ਬੇਕਾਬੂ ਹੋ ਗਈ।
ਪਿੰਡ ਵਾਸੀਆਂ ਨੇ ਦੱਸਿਆ ਕਿ ਉਹ ਧਮਾਕਾ ਸੁਣ ਕੇ ਤੁਰੰਤ ਘਟਨਾ ਸਥਾਨ ’ਤੇ ਪੁੱਜੇ। ਉਨ੍ਹਾਂ ਬੱਸ ਵਿੱਚੋਂ ਸਵਾਰੀਆਂ ਨੂੰ ਬਾਹਰ ਕੱਢਣ ’ਚ ਮਦਦ ਕੀਤੀ। ਇਸ ਮਗਰੋਂ ਐਂਬੂਲੈਂਸ ਅਤੇ ਕਾਰਾਂ ਰਾਹੀਂ ਜ਼ਖ਼ਮੀਆਂ ਨੂੰ ਨਾਭਾ, ਅਮਲੋਹ ਅਤੇ ਭਾਦਸੋਂ ਦੇ ਹਸਪਤਾਲਾਂ ’ਚ ਦਾਖ਼ਲ ਕਰਵਾਇਆ ਗਿਆ। ਲੋਕਾਂ ਨੇ ਦੱਸਿਆ ਕਿ ਪਿੰਡ ਮੱਲੇਵਾਲ ਤੋਂ ਪਟਿਆਲਾ ਨੂੰ ਜਾਂਦੀ ਇਸ ਬੱਸ ਵਿੱਚ ਰੋਜ਼ਾਨਾ ਹੀ ਵੱਡੀ ਗਿਣਤੀ ਸਵਾਰੀਆਂ ਹੁੰਦੀਆਂ ਹਨ ਕਿਉਂਕਿ ਇਸ ਸਮੇਂ ਇੱਥੋਂ ਸਿਰਫ਼ ਇੱਕ ਹੀ ਬੱਸ ਜਾਂਦੀ ਹੈ। ਕੰਡਕਟਰ ਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਪਹਿਲਾਂ ਇਸੇ ਬੱਸ ਦਾ ਡਰਾਈਵਰ ਸੀ। ਉਸ ਨੇ ਵਿਭਾਗ ਨੂੰ ਇਸ ਰੂਟ ’ਤੇ ਵੱਧ ਸਵਾਰੀਆਂ ਦੀ ਜਾਣਕਾਰੀ ਦਿੰਦੇ ਹੋਏ ਇੱਕ ਹੋਰ ਬੱਸ ਚਲਾਉਣ ਦੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਕਿ ਅੱਜ ਵੀ ਬੱਸ ਵਿੱਚ ਸੌ ਤੋਂ ਜ਼ਿਆਦਾ ਸਵਾਰੀਆਂ ਸਨ। ਡਰਾਈਵਰ ਸਣੇ ਕਈ ਸਵਾਰੀਆਂ ਜ਼ਖ਼ਮੀ ਹੋ ਗਈਆਂ ਹਨ। ਭਾਦਸੋਂ ਥਾਣੇ ਦੇ ਐੱਸ ਐੱਚ ਓ ਗੁਰਪ੍ਰੀਤ ਸਿੰਘ ਹਾਂਡਾ ਨੇ ਦੱਸਿਆ ਕਿ ਉਨ੍ਹਾਂ ਕੋਲ ਛੇ ਸਵਾਰੀਆਂ ਜ਼ਖ਼ਮੀ ਹੋਣ ਦੀ ਸੂਚਨਾ ਹੈ। ਕਿਸੇ ਖ਼ਿਲਾਫ਼ ਸ਼ਿਕਾਇਤ ਨਾ ਹੋਣ ਕਾਰਨ ਕੇਸ ਦਰਜ ਨਹੀਂ ਕੀਤਾ ਗਿਆ। ਬੱਸ ਓਵਰਲੋਡ ਹੋਣ ਬਾਰੇ ਜਾਣਕਾਰੀ ਤੋਂ ਉਨ੍ਹਾਂ ਇਨਕਾਰ ਕੀਤਾ।
ਹਾਦਸੇ ’ਚ ਦਾਦੀ-ਪੋਤੀ ਸਣੇ ਤਿੰਨ ਦੀ ਮੌਤ, ਦੋ ਜ਼ਖ਼ਮੀ
ਰਾਜਪੁਰਾ (ਦਰਸ਼ਨ ਸਿੰਘ ਮਿੱਠਾ): ਇੱਥੇ ਪਟਿਆਲਾ ਰੋਡ ’ਤੇ ਚੂਨਾ ਭੱਠੀ ਸਾਹਮਣੇ ਸਵੇਰੇ ਵੇਲ਼ੇ ਹਾਦਸੇ ਕਾਰਨ ਦਾਦੀ ਤੇ ਪੋਤੀ ਸਣੇ ਤਿੰਨ ਜਣਿਆਂ ਦੀ ਮੌਤ ਹੋ ਗਈ ਜਦੋਂਕਿ ਦੋ ਜਣੇ ਜ਼ਖ਼ਮੀ ਹੋ ਗਏ। ਪੁਲੀਸ ਨੇ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਯਸ਼ੋਦਾ ਦੇਵੀ (60) ਵਾਸੀ ਵਾਰਡ ਨੰਬਰ-16 ਆਪਣੀ ਪੋਤੀ ਅਨੰਨਿਆ (13) ਤੇ ਪੋਤੇ ਬੀਰ (12) ਨਾਲ ਸਬਜ਼ੀ ਮੰਡੀ ਜਾ ਰਹੀ ਸੀ। ਉਨ੍ਹਾਂ ਦੇ ਪਿੱਛੇ ਪ੍ਰਦੀਪ ਰਿਸ਼ੀਦੇਵ ਵਾਸੀ ਗਣੇਸ਼ ਕਲੋਨੀ ਵੀ ਸੜਕ ਪਾਰ ਕਰ ਰਿਹਾ ਸੀ। ਇਸ ਦੌਰਾਨ ਪਿੱਛੋਂ ਆਈ ਤੇਜ਼ ਰਫ਼ਤਾਰ ਕਾਰ ਨੇ ਚਾਰਾਂ ਜਣਿਆਂ ਨੂੰ ਟੱਕਰ ਮਾਰ ਦਿੱਤੀ। ਘਟਨਾ ਸਥਾਨ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਕਾਰ ਦੀ ਟੱਕਰ ਕਾਰਨ ਚਾਰੇ ਜਣੇ ਕਈ ਫੁੱਟ ਦੂਰ ਜਾ ਡਿੱਗੇ। ਇਸ ਕਾਰਨ ਯਸ਼ੋਦਾ ਦੇਵੀ, ਅਨੰਨਿਆ ਤੇ ਪ੍ਰਦੀਪ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ ਬੀਰ ਅਤੇ ਕਾਰ ਚਾਲਕ ਅਖਿਲ ਕਸ਼ਿਅਪ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਪਹਿਲਾਂ ਸਿਵਲ ਹਸਪਤਾਲ ਰਾਜਪੁਰਾ ਵਿੱਚ ਦਾਖ਼ਲ ਕਰਵਾਇਆ ਗਿਆ ਜਿੱਥੋਂ ਬੀਰ ਨੂੰ ਚੰਡੀਗੜ੍ਹ ਦੇ ਸੈਕਟਰ-32 ਦੇ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਰਾਜਪੁਰਾ ਵਿੱਚ ਰੱਖਿਆ ਗਿਆ ਹੈ। ਥਾਣੇਦਾਰ ਜਗਦੀਸ਼ ਕੁਮਾਰ ਨੇ ਦੱਸਿਆ ਕਿ ਪੁਲੀਸ ਨੇ ਕਾਰ ਚਾਲਕ ਅਖਿਲ ਕਸ਼ਯਪ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।