ਜ਼ਮੀਨੀ ਵਿਵਾਦ ਕਾਰਨ ਚਾਚੇ ਦਾ ਕਤਲ
ਇਥੋਂ ਨੇੜਲੇ ਪਿੰਡ ਲੋਚਮਾ ’ਚ ਜ਼ਮੀਨ ਦੇ ਟੁੱਕੜੇ ਲਈ ਭਤੀਜੇ ਨੇ ਚਾਚੇ ਨੂੰ ਕਤਲ ਕਰ ਦਿੱਤਾ। ਮੁਲਜ਼ਮ ਗੁਰਜੰਟ ਸਿੰਘ ਨੇ ਦੋ ਵਿੱਘੇ ਜ਼ਮੀਨ ਦੇ ਲਾਲਚ ਵਿੱਚ ਆਪਣੇ ਚਾਚੇ ਬਹਾਦਰ ਸਿੰਘ ਨੂੰ ਕਹੀ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਸੱਟ ਕਾਰਨ ਤੜਫ਼ਦਾ ਬਹਾਦਰ ਸਿੰਘ ਹਾਲੇ ਸਾਹ ਲੈ ਰਿਹਾ ਸੀ ਕਿ ਮੁਲਜ਼ਮ ਨੇ ਉਸ ’ਤੇ ਪੈਟਰੋਲ ਛਿੜਕ ਕੇ ਅੱਗ ਲਾ ਦਿੱਤੀ ਤੇ ਮੌਕੇ ਤੋਂ ਫ਼ਰਾਰ ਹੋ ਗਿਆ। ਡੀ ਐੱਸ ਪੀ ਹਰਮਨਪ੍ਰੀਤ ਸਿੰਘ ਚੀਮਾ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਥਾਣਾ ਖੇੜੀ ਗੰਡਿਆ ਨੂੰ ਮਿਲੀ ਇਤਲਾਹ ਦੇ ਆਧਾਰ ’ਤੇ ਪੁਲੀਸ ਨੇ ਤੁਰੰਤ ਕਾਰਵਾਈ ਕੀਤੀ। ਐੱਸ ਐੱਸ ਪੀ ਪਟਿਆਲਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਮੁੱਖ ਥਾਣਾ ਅਫਸਰ ਜੈਦੀਪ ਸ਼ਰਮਾ ਨੇ ਫੋਰੈਂਸਿਕ ਮਾਹਿਰਾਂ ਦੀ ਮਦਦ ਨਾਲ ਮਾਮਲੇ ਦੀ ਗੁੱਥੀ ਸੁਲਝਾਈ ਅਤੇ ਮੁਲਜ਼ਮ ਗੁਰਜੰਟ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਵੱਲੋਂ ਅੱਗੇ ਦੀ ਕਾਰਵਾਈ ਜਾਰੀ ਹੈ।
ਡੀ ਐੱਸ ਪੀ ਚੀਮਾ ਨੇ ਦੱਸਿਆ ਕਿ ਬਹਾਦਰ ਸਿੰਘ ਦਾ ਵਿਆਹ ਨਹੀਂ ਹੋਇਆ ਸੀ ਅਤੇ ਉਸ ਨੇ ਮੁਲਜ਼ਮ ਦੇ ਭਰਾ ਖੁਸ਼ਪ੍ਰੀਤ ਸਿੰਘ ਨੂੰ ਗੋਦ ਲਿਆ ਹੋਇਆ ਸੀ। ਗੁਰਜੰਟ ਨੂੰ ਇਹ ਸ਼ੱਕ ਸੀ ਕਿ ਚਾਚੇ ਦੀ ਸਾਰੀ ਜਾਇਦਾਦ ਗੋਦ ਲਏ ਪੁੱਤਰ ਖੁਸ਼ਪ੍ਰੀਤ ਨੂੰ ਹੀ ਮਿਲੇਗੀ। ਇਸ ਕਾਰਨ ਉਸ ਨੇ ਕਤਲ ਕੀਤਾ। ਪਰਿਵਾਰ ਨੇ ਬਹਾਦਰ ਸਿੰਘ ਨੂੰ ਗੰਭੀਰ ਹਾਲਤ ਵਿੱਚ ਸਿਵਲ ਹਸਪਤਾਲ ਰਾਜਪੁਰਾ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਪੁਲੀਸ ਨੇ ਵਾਰਦਾਤ ਵਿਚ ਵਰਤੀ ਕਹੀ ਤੇ ਪੈਟਰੋਲ ਦੀ ਬੋਤਲ ਪੁਲੀਸ ਨੇ ਬਰਾਮਦ ਕਰ ਲਈ ਹੈ।
