ਮਕਾਨ ਦੀ ਛੱਤ ਡਿੱਗਣ ਕਾਰਨ ਚਾਚੇ-ਭਤੀਜੇ ਦੀ ਮੌਤ
ਮੀਂਹ ਪੈਣ ਕਾਰਨ ਵਾਪਰਿਆ ਹਾਦਸਾ; ਵਿਧਾਇਕ ਬਣਾਂਵਾਲੀ ਵੱਲੋਂ ਪਰਿਵਾਰ ਦੀ ਮਦਦ ਦਾ ਭਰੋਸਾ
Advertisement
ਮਾਨਸਾ ਨੇੜਲੇ ਪਿੰਡ ਚੈਨੇਵਾਲਾ ਵਿੱਚ ਲੰਘੀ ਰਾਤ ਮੀਂਹ ਪੈਣ ਕਾਰਨ ਮਜ਼ਦੂਰ ਪਰਿਵਾਰ ਦੇ ਮਕਾਨ ਦੀ ਛੱਤ ਡਿੱਗਣ ਕਰ ਕੇ ਚਾਚੇ-ਭਤੀਜੇ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਦੀ ਪਛਾਣ ਬਲਜੀਤ ਸਿੰਘ (35) ਅਤੇ ਰਣਜੋਤ ਸਿੰਘ (11) ਵਜੋਂ ਹੋਈ ਹੈ। ਇਸ ਘਟਨਾ ’ਤੇ ਦੁੱਖ ਪ੍ਰਗਟਾਉਂਦਿਆਂ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਪੀੜਤ ਪਰਿਵਾਰ ਦੀ ਸਹਾਇਤਾ ਕਰਨ ਦੀ ਗੱਲ ਆਖੀ ਹੈ।ਜਾਣਕਾਰੀ ਅਨੁਸਾਰ ਬਲਜੀਤ ਸਿੰਘ ਦਿਹਾੜੀ ਕਰ ਕੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ ਤੇ ਇਕ ਬਾਂਹ ਤੋਂ ਅਪਾਹਜ ਸੀ। ਉਹ ਆਪਣੇ ਕਮਰੇ ਵਿੱਚ ਭਤੀਜੇ ਰਣਜੋਤ ਸਿੰਘ ਅਤੇ ਹਰਕੀਰਤ ਕੌਰ ਨਾਲ ਸੁੱਤਾ ਪਿਆ ਸੀ। ਰਾਤ ਵੇਲੇ ਭਰਵਾਂ ਮੀਂਹ ਪਿਆ ਇਸ ਕਾਰਨ ਰਾਤ ਦੇ ਕਰੀਬ ਦੋ ਵਜੇ ਉਨ੍ਹਾਂ ਦੇ ਮਕਾਨ ਦੀ ਛੱਤ ਡਿੱਗ ਗਈ। ਛੱਤ ਦੇ ਮਲਬੇ ਹੇਠ ਆਉਣ ਕਾਰਨ ਬਲਜੀਤ ਸਿੰਘ ਅਤੇ ਉਸ ਦੇ ਭਤੀਜੇ ਰਣਜੋਤ ਸਿੰਘ ਦੀ ਮੌਤ ਹੋ ਗਈ ਜਦੋਂਕਿ ਬੱਚੀ ਹਰਕੀਰਤ ਕੌਰ ਦਾ ਬਚਾਅ ਹੋ ਗਿਆ।
Advertisement
ਇਸ ਘਟਨਾ ਦਾ ਪਤਾ ਲੱਗਦਿਆਂ ਹੀ ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ, ਸਰਪੰਚ ਗੁਰਪ੍ਰੀਤ ਸਿੰਘ ਚੈਨੇਵਾਲਾ, ਥਾਣਾ ਝੁਨੀਰ ਮੁਖੀ ਅੰਗਰੇਜ ਸਿੰਘ ਅਤੇ ਤਹਿਸੀਲਦਾਰ ਨੇ ਘਟਨਾ ਸਥਾਨ ’ਤੇ ਜਾ ਕੇ ਪਰਿਵਾਰ ਨਾਲ ਦੁੱਖ ਸਾਂਝਾ। ਉਨ੍ਹਾਂ ਸਰਕਾਰ ਵੱਲੋਂ ਪੀੜਤ ਪਰਿਵਾਰ ਦੀ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ। ਪਿੰਡ ਵਿੱਚ ਇਸ ਘਟਨਾ ਕਾਰਨ ਸੋਗ ਫੈਲਿਆ ਹੋਇਆ ਹੈ।
ਉਧਰ, ਬੁਢਲਾਡਾ ਦੇ ਪਿੰਡ ਦਾਤੇਵਾਸ ਵਿੱਚ ਮੀਂਹ ਕਾਰਨ ਛੱਤ ਡਿੱਗਣ ਨਾਲ ਇਕ ਗਾਂ ਦੀ ਮੌਤ ਹੋ ਗਈ, ਇੱਕ ਮੱਝ ਅਤੇ ਦੋ ਗਾਵਾਂ ਜ਼ਖ਼ਮੀਆਂ ਹੋ ਗਈਆਂ ਹਨ। ਸਰਪੰਚ ਸੁਖਨੈਬ ਸਿੰਘ ਨੇ ਦੱਸਿਆ ਕਿ ਇਸ ਕਾਰਨ ਗ਼ਰੀਬ ਪਰਿਵਾਰ ਵੱਡਾ ਨੁਕਸਾਨ ਹੋ ਗਿਆ ਹੈ।
Advertisement