ਵਿਦੇਸ਼ਾਂ ਵਿੱਚ ਅਣਅਧਿਕਾਰਤ ਭਾਰਤੀ ਕਾਮੇ ਇਮੀਗ੍ਰੇਸ਼ਨ ਅਥਾਰਟੀਆਂ ਦੀ ਰਡਾਰ ’ਤੇ
ਸੁਨਹਿਰੇ ਭਵਿੱਖ ਦੀ ਭਾਲ ਵਿੱਚ ਵਿਦੇਸ਼ ਗਏ ਹਜ਼ਾਰਾਂ ਭਾਰਤੀਆਂ ਲਈ ਹੁਣ ਮੁਸੀਬਤ ਖੜ੍ਹੀ ਹੋ ਗਈ ਹੈ। ਅਮਰੀਕਾ ਅਤੇ ਕੈਨੇਡਾ ਵਿੱਚ ਅਣਅਧਿਕਾਰਤ ਤੌਰ 'ਤੇ ਰਹਿ ਰਹੇ ਭਾਰਤੀ ਕਾਮੇ ਹੁਣ ਪ੍ਰਸ਼ਾਸਨ ਦੀ ਰਡਾਰ ’ਤੇ ਹਨ।
ਕੈਨੇਡਾ ਦੀ ਗੱਲ ਕਰੀਏ ਤਾਂ ਇਮੀਗ੍ਰੇਸ਼ਨ ਅਥਾਰਟੀ ਨੇ ਪਿਛਲੇ ਸਾਲਾਂ ਦੇ ਮੁਕਾਬਲੇ ਗੈਰਕਾਨੂੰਨੀ ਕਾਮਿਆਂ 'ਤੇ ਛਾਪੇ ਤੇਜ਼ ਕੀਤੇ ਹੋਏ ਹਨ। ਉਸਾਰੀ ਵਾਲੀਆਂ ਥਾਵਾਂ, ਰੈਸਟੋਰੈਂਟ, ਫਾਰਮ ਅਤੇ ਗੋਦਾਮਾਂ ਵਿੱਚੋਂ ਵੀਜ਼ਾ ਮਿਆਦ ਪੁਗਾ ਚੁੱਕੇ ਜ਼ਿਆਦਾਤਰ ਸਾਬਕਾ ਵਿਦਿਆਰਥੀ ਜਾਂ ਅਸਥਾਈ ਕਾਮਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਜਾਂ ਡਿਪੋਰਟੇਸ਼ਨ (ਦੇਸ਼ ਨਿਕਾਲੇ) ਦੇ ਨੋਟਿਸ ਜਾਰੀ ਕੀਤੇ ਗਏ ਹਨ।
15 ਅਕਤੂਬਰ ਨੂੰ ਕੈਲਗਰੀ ਵਿੱਚ ਇੱਕ ਉਸਾਰੀ ਵਾਲੀ ਥਾਂ ’ਤੇ ਮਾਰੇ ਛਾਪੇ ਵਿੱਚ ਚਾਰ ਅਣਅਧਿਕਾਰਤ ਕਾਮਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ, ਜਿਨ੍ਹਾਂ ਵਿੱਚੋਂ ਤਿੰਨ ਭਾਰਤੀ ਹੁਣ ਦੇਸ਼ ਨਿਕਾਲੇ ਦੀ ਕਾਰਵਾਈ ਦਾ ਸਾਹਮਣਾ ਕਰ ਰਹੇ ਹਨ। ਸਤੰਬਰ ਵਿੱਚ ਟੋਰਾਂਟੋ ਦੇ ਪੀਲ ਖੇਤਰ ’ਚ ਅਜਿਹੀਆਂ ਕਾਰਵਾਈਆਂ ਦੌਰਾਨ 50 ਤੋਂ ਵੱਧ ਭਾਰਤੀ ਕਾਮੇ ਫੜੇ ਗਏ, ਜਿਨ੍ਹਾਂ ਵਿੱਚ ਬਹੁਤ ਸਾਰੇ ਕਾਮੇ ਪੰਜਾਬ ਤੋਂ ਸਨ। ਕੈਨੇਡੀਅਨ ਮੀਡੀਆ ਰਿਪੋਰਟਾਂ ਅਨੁਸਾਰ ਕੰਮ ਵਾਲੀਆਂ ਥਾਵਾਂ ਦੀ ਅਚਾਨਕ ਜਾਂਚ 2024 ਦੇ ਮੁਕਾਬਲੇ ਲਗਪਗ 25 ਫੀਸਦੀ ਵਧੀ ਹੈ।
ਇਸ ਸਖ਼ਤੀ ਦੌਰਾਨ ਭਾਰਤੀ ਨਾਗਰਿਕ ਫੜੇ ਜਾਣ ਵਾਲੇ ਸਭ ਤੋਂ ਵੱਡੇ ਸਮੂਹਾਂ ਵਿੱਚੋਂ ਹਨ। ਅਧਿਕਾਰਤ ਅੰਕੜੇ ਦੱਸਦੇ ਹਨ ਕਿ ਕੈਨੇਡਾ ਤੋਂ ਬਰਖਾਸਤ ਕੀਤੇ ਜਾਣ ਦੇ ਮਾਮਲੇ ਵਿੱਚ ਭਾਰਤ ਮੈਕਸੀਕੋ ਤੋਂ ਬਾਅਦ ਦੂਜੇ ਨੰਬਰ 'ਤੇ ਹੈ। ਅਪ੍ਰੈਲ 2024 ਤੋਂ ਅਗਸਤ 2025 ਦੇ ਵਿਚਕਾਰ 2200 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ।
CBSA ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਤਾਲਮੇਲ ਨਾਲ, ਚਾਰਟਰਡ ਉਡਾਣਾਂ ਰਾਹੀਂ ਦੇਸ਼ ਵਾਪਸੀਆਂ ਨੂੰ ਤੇਜ਼ ਕਰ ਰਹੀ ਹੈ। ਫਰਵਰੀ ਵਿੱਚ, ਇੱਕ ਅਜਿਹੇ ਸਾਂਝੇ ਆਪਰੇਸ਼ਨ ਵਿੱਚ 106 ਭਾਰਤੀ ਨਾਗਰਿਕਾਂ ਨੂੰ ਡਿਪੋਰਟ ਕੀਤਾ ਗਿਆ ਸੀ।
ਕੈਨੇਡਾ ਪ੍ਰਸ਼ਾਸਨ ਵੱਲੋਂ ਕੀਤੀਆਂ ਜਾ ਰਹੀਆਂ ਤਾਜ਼ਾ ਕਾਰਵਾਈਆਂ ਨੇ 50 ਹਜ਼ਾਰ ਤੋਂ 1 ਲੱਖ ਅਣਅਧਿਕਾਰਤ ਭਾਰਤੀਆਂ ਲਈ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਹਾਲ ਹੀ ਵਿੱਚ ਆਈ ਇੱਕ ਰਿਪੋਰਟ ਅਨੁਸਾਰ ਕੈਨੇਡਾ ਵਿੱਚ ਗ਼ੈਰਕਨੂੰਨੀ ਤੌਰ ’ਤੇ ਮੌਜੂਦ 32 ਹਜ਼ਾਰ ਪਰਵਾਸੀਆਂ ਨੂੰ ਡਿਪੋਰਟ ਕਰਨ ਦੇ ਹੁਕਮ ਜਾਰੀ ਹੋ ਚੁੱਕੇ ਹਨ।
ਇਸ ਡਿਪੋਰਟੇਸ਼ਨ ਲਿਸਟ ਵਿੱਚ ਸਭ ਤੋਂ ਵੱਧ ਗਿਣਤੀ ਭਾਰਤੀ ਨਾਗਰਿਕਾਂ ਦੀ ਹੈ ਅਤੇ 7 ਹਜ਼ਾਰ ਤੋਂ ਵੱਧ ਲੋਕਾਂ ਨੂੰ ਦਿੱਲੀ ਦਾ ਜਹਾਜ਼ ਚੜ੍ਹਾਉਣ ਦੇ ਯਤਨ ਕੀਤੇ ਜਾ ਰਹੇ ਹਨ। ਲੋਕ ਸੁਰੱਖਿਆ ਮੰਤਰੀ ਗੈਰੀ ਆਨੰਦਸੰਗਰੀ ਨੇ ਦਾਅਵਾ ਕੀਤਾ ਹੈ ਕਿ 2024-25 ਦੌਰਾਨ 18 ਹਜ਼ਾਰ ਵਿਦੇਸ਼ੀ ਨਾਗਰਿਕ ਡਿਪੋਰਟ ਕੀਤੇ ਗਏ।
ਸਿਰਫ਼ ਕੈਨੇਡਾ ਹੀ ਨਹੀਂ। ਬੀਤੇ ਦਿਨੀਂ ਹਰਿਆਣਾ ਦੇ 54 ਨੌਜਵਾਨਾਂ ਨੂੰ ਅਮਰੀਕਾ ਦੀ ਇਮੀਗ੍ਰੇਸ਼ਨ ਏਜੰਸੀ ਨੇ ਡਿਪੋਰਟ ਕੀਤਾ ਹੈ। ਇਹ ਸਾਰੇ ਨੌਜਵਾਨ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ’ਚ ਦਾਖ਼ਲ ਹੋਏ ਸਨ। ਇਨ੍ਹਾਂ ਨੌਜਵਾਨਾਂ ਨੇ ਵਤਨ ਵਾਪਸੀ ’ਤੇ ਦੱਸਿਆ ਕਿ ਅਮਰੀਕਾ ਵਿੱਚ ਉਨ੍ਹਾਂ ਉੱਤੇ ਤਸ਼ੱਦਦ ਢਾਹਿਆ ਗਿਆ। ਗਰਮੀ ਸਮੇਂ ਹੀਟਰ ਤੇ ਸਰਦੀ ਵਿੱਚ ਏ.ਸੀ. ਵਿੱਚ ਰੱਖਿਆ ਗਿਆ।
ਇੱਕ ਪਾਸੇ ਵਿਦੇਸ਼ਾਂ ਵਿੱਚ ਭਾਰਤੀਆਂ ਦਾ ਭਵਿੱਖ ਅਸੁਰੱਖਿਅਤ ਹੋਣ ਦੀਆਂ ਖ਼ਬਰਾਂ ਆ ਰਹੀਆਂ ਹਨ... ਪਰ ਦੂਜੇ ਪਾਸੇ ਵਾਪਸੀ ਦਾ ਰਾਹ ਵੀ ਸੌਖਾ ਨਹੀਂ। ਵਿਦੇਸ਼ ਜਾਣ ਲਈ ਚੁੱਕਿਆ ਕਰਜ਼ਾ ਤੇ ਅੱਖਾਂ ’ਚ ਸਜਾਏ ਸੁਫ਼ਨਿਆਂ ਦੇ ਟੁੱਟ ਜਾਣ ਦੀ ਟੀਸ ਮੁੜਨ ਨਹੀਂ ਦਿੰਦੀ।
ਪਤਾ ਨਹੀਂ ਬੇਬਸੀ ਦਾ ਇਹ ਆਲਮ ਕਦੋਂ ਖਤਮ ਹੋਵੇਗਾ।
