ਪਟਿਆਲਾ ਦੇ ਦੋ ਨੌਜਵਾਨ ਹੱਥ ਗੋਲੇ ਸਣੇ ਕਾਬੂ
ਇਥੇ ਸੀ ਆਈ ਏ ਟੀਮ ਨੇ ਮੁਰਤਜ਼ਾਪੁਰ, ਕੁਰੂਕਸ਼ੇਤਰ ਰੋਡ ’ਤੇ ਦੋ ਨੌਜਵਾਨਾਂ ਨੂੰ ਇਕ ਹੱਥ ਗੋਲੇ ਅਤੇ ਮੈਗਜ਼ੀਨਾਂ ਸਣੇ ਕਾਬੂ ਕੀਤਾ ਹੈ। ਦੋਵੇਂ ਨੌਜਵਾਨ ਬੀਤੀ ਦੇਰ ਸ਼ਾਮ ਮੋਟਰਸਾਈਕਲ ’ਤੇ ਪਟਿਆਲਾ ਤੋਂ ਕੁਰੂਕਸ਼ੇਤਰ ਜਾ ਰਹੇ ਸਨ।
ਗ੍ਰਿਫ਼ਤਾਰ ਨੌਜਵਾਨਾਂ ਦੀ ਪਛਾਣ ਗੁਰਵਿੰਦਰ ਵਾਸੀ ਪਿੰਡ ਸਾਸਾ ਅਤੇ ਸੰਦੀਪ ਵਾਸੀ ਅੱਦੂ ਮਾਜਰਾ, ਜ਼ਿਲ੍ਹਾ ਪਟਿਆਲਾ ਵਜੋਂ ਹੋਈ ਹੈ। ਲਗਪਗ ਦੋ ਘੰਟਿਆਂ ਦੀ ਕੋਸ਼ਿਸ਼ ਤੋਂ ਬਾਅਦ ਬੰਬ ਨਕਾਰਾ ਕਰਨ ਵਾਲੇ ਦਸਤੇ ਨੇ ਬੰਬ ਨੂੰ ਨਕਾਰਾ ਕੀਤਾ। ਜਾਣਕਾਰੀ ਅਨੁਸਾਰ ਗੁਰਵਿੰਦਰ ਅਤੇ ਸੰਦੀਪ ਵਿਰੁੱਧ ਪਹਿਲਾਂ ਵੀ ਕਈ ਕੇਸ ਦਰਜ ਹਨ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਨ੍ਹਾਂ ਨੂੰ ਵਿਦੇਸ਼ਾਂ ਵਿੱਚ ਸਥਿਤ ਗੈਂਗਸਟਰਾਂ ਨੇ ਸਰਕਾਰੀ ਇਮਾਰਤ ਵਿੱਚ ਧਮਾਕਾ ਕਰਨ ਦਾ ਕੰਮ ਸੌਂਪਿਆ ਸੀ। ਉਨ੍ਹਾਂ ਨੂੰ ਇਸ ਮਕਸਦ ਲਈ ਗ੍ਰਨੇਡ ਵੀ ਮੁਹੱਈਆ ਕਰਵਾਏ ਗਏ ਸਨ। ਡੀਐੱਸਪੀ ਨਿਰਮਲ ਸਿੰਘ ਨੇ ਦੱਸਿਆ ਕਿ ਸੀ ਆਈ ਏ ਟੀਮ ਨੂੰ ਸੂਚਨਾ ਮਿਲੀ ਸੀ ਕਿ ਦੋ ਨੌਜਵਾਨ ਕੁਰੂਕਸ਼ੇਤਰ-ਪਿਹੋਵਾ ਸੜਕ ’ਤੇ ਮੁਰਤਜ਼ਾਪੁਰ ਪਿੰਡ ਦੇ ਖੇਤਰ ਵਿੱਚ ਨੇੜੇ ਵਿਸਫੋਟਕ ਸਮੱਗਰੀ ਤੇ ਹਥਿਆਰ ਲੈ ਕੇ ਘੁੰਮ ਰਹੇ ਹਨ। ਸੀ ਆਈ ਏ ਦੀ ਟੀਮ ਨੇ ਨਾਕਾ ਲਗਾ ਕੇ ਕੌਮੀ ਮਾਰਗ ਦੇ ਨੇੜੇ ਦੋਵਾਂ ਨੌਜਵਾਨਾਂ ਨੂੰ ਪੰਜਾਬ ਨੰਬਰੀ ਮੋਟਰਸਾਈਕਲ ਸਣੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਤਲਾਸ਼ੀ ਲੈਣ ’ਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ ਹੈਂਡ ਗ੍ਰਨੇਡ ਅਤੇ ਪੰਜ ਗੋਲੀਆਂ ਬਰਾਮਦ ਹੋਈਆਂ। ਇਹ ਮੁਲਜ਼ਮ ਕੁਰੂਕਸ਼ੇਤਰ, ਯਮੁਨਾਨਗਰ ਅਤੇ ਅੰਬਾਲਾ ਵਿੱਚ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇਣਾ ਚਾਹੁੰਦੇ ਸਨ।