ਕਰੰਟ ਲੱਗਣ ਕਾਰਨ ਦੋ ਨੌਜਵਾਨਾਂ ਦੀ ਮੌਤ
ਇੱਥੋਂ ਦੇ ਪਿੰਡ ਨੰਗਲ ਝੌਰ ਦੇ ਖੇਤਾਂ ਵਿੱਚ ਝੋਨੇ ਦੀ ਫ਼ਸਲ ’ਤੇ ਸਪਰੇਅ ਕਰਨ ਮੌਕੇ ਦੋ ਨੌਜਵਾਨਾਂ ਦੀ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਜਗਤਾਰ ਮਸੀਹ (30) ਅਤੇ ਰਾਜਨ (26) ਵਾਸੀ ਪਿੰਡ ਗਿੱਲ ਮੰਝ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਜੋਗਾ ਸਿੰਘ, ਰਿੰਕੂ, ਜਗਤਾਰ ਮਸੀਹ ਅਤੇ ਰਾਜਨ ਪਿੰਡ ਨੰਗਲ ਝੌਰ ਦੇ ਕਿਸਾਨ ਇੰਦਰਜੀਤ ਸਿੰਘ ਦੇ ਖੇਤਾਂ ਵਿੱਚ ਝੋਨੇ ਦੀ ਫ਼ਸਲ ’ਤੇ ਸਪਰੇਅ ਕਰ ਰਹੇ ਸਨ। ਇਸ ਦੌਰਾਨ ਜਗਤਾਰ ਮਸੀਹ ਅਤੇ ਰਾਜਨ ਖੇਤਾਂ ਵਿੱਚ ਪਹਿਲਾਂ ਤੋਂ ਡਿੱਗੇ ਹੋਏ ਖੰਭੇ ਕਾਰਨ 11 ਕੇ.ਵੀ. ਬਿਜਲੀ ਦੀਆਂ ਤਾਰਾਂ ਦੀ ਲਪੇਟ ਵਿੱਚ ਆ ਗਏ। ਦੋਵਾਂ ਨੂੰ ਤੁਰੰਤ ਨੇੜਲੇ ਸਰਕਾਰੀ ਹਸਪਤਾਲ ਵਿੱਚ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਜੋਗਾ ਸਿੰਘ ਅਤੇ ਰਿੰਕੂ ਵਾਸੀ ਪਿੰਡ ਗਿੱਲ ਮੰਝ ਨੇ ਇਸ ਸਬੰਧੀ ਪੁਲੀਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਖੇਤ ਦੇ ਮਾਲਕ ਨੇ ਉਨ੍ਹਾਂ ਨੂੰ ਖੇਤਾਂ ਵਿੱਚ ਬਿਜਲੀ ਦਾ ਖੰਭਾ ਡਿੱਗੇ ਹੋਣ ਦੀ ਜਾਣਕਾਰੀ ਦਿੱਤੇ ਬਗ਼ੈਰ ਹੀ ਸਪਰੇਅ ਕਰਨ ਲਗਾ ਦਿੱਤਾ ਅਤੇ ਖੁਦ ਆਪਣੇ ਘਰ ਚਲਾ ਗਿਆ। ਪੁਲੀਸ ਚੌਕੀ ਹਰਚੋਵਾਲ ਦੇ ਇੰਚਾਰਜ ਸਹਾਇਕ ਸਬ ਇੰਸਪੈਕਟਰ ਸਰਵਣ ਸਿੰਘ ਨੇ ਦੱਸਿਆ ਕਿ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਭੇਜਿਆ ਗਿਆ ਹੈ। ਮ੍ਰਿਤਕਾਂ ਦੇ ਸਾਥੀਆਂ ਜੋਗਾ ਸਿੰਘ ਅਤੇ ਰਿੰਕੂ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕੀਤੀ ਜਾ ਰਹੀ ਹੈ।